ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
Make your deals, dealers, and take care of your merchandise.
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ।
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
Buy that object which will go along with you.
ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ।
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
In the next world, the All-knowing Merchant will take this object and care for it. ||1||
ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥ ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ)। ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ॥੧॥
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
O Siblings of Destiny, chant the Lord's Name, and focus your consciousness on Him.
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥
Take the Merchandise of the Lord's Praises with you. Your Husband Lord shall see this and approve. ||1||Pause||
(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥ ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ॥੧॥ਰਹਾਉ॥
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
Those who do not have the Assets of Truth-how can they find peace?
ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
By dealing their deals of falsehood, their minds and bodies become false.
ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)। ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ।
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
Like the deer caught in the trap, they suffer in terrible agony; they continually cry out in pain. ||2||
ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥ ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ॥੨॥
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
The counterfeit coins are not put into the Treasury; they do not obtain the Blessed Vision of the Lord-Guru.
ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ = ਖੋਟੇ (ਸਿੱਕੇ)। ਪੋਤੈ = ਖ਼ਜ਼ਾਨੇ ਵਿਚ। ਗੁਰ ਦਰਸੁ = ਗੁਰੂ ਦਾ ਦਰਸ।
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥
The false ones have no social status or honor. No one succeeds through falsehood.
ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ। ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ।
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
Practicing falsehood again and again, people come and go in reincarnation, and forfeit their honor. ||3||
ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ॥੩॥ ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ॥੩॥
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
O Nanak, instruct your mind through the Word of the Guru's Shabad, and praise the Lord.
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ। ਸਬਦਿ ਸਾਲਾਹ = ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ।
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
Those who are imbued with the love of the Name of the Lord are not loaded down by doubt.
ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ।
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥
Those who chant the Name of the Lord earn great profits; the Fearless Lord abides within their minds. ||4||23||
ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ॥੪॥੨੩॥ ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ 'ਸਾਲਾਹ', 'ਤਿਨਾਹ' ਦੇ ਨਾਲ ਰਲਾਣ ਲਈ 'ਮਾਹਿ' ਦੇ ਥਾਂ 'ਮਾਹ' ਹੈ}॥੪॥