ਗਉੜੀ ॥
Gauree:
ਗਉੜੀ।
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
There is no rainy season, ocean, sunshine or shade, no creation or destruction there.
(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ। ਤਹ = ਉੱਥੇ, ਉਸ ਅਵਸਥਾ ਵਿਚ, ਸਹਿਜ ਅਵਸਥਾ ਵਿਚ। ਪਾਵਸ = ਵਰਖਾ, {ਨੋਟ: ਵਰਖਾ ਦਾ ਰਾਜਾ ਇੰਦ੍ਰ ਮੰਨਿਆ ਗਿਆ ਹੈ। ਇਸ ਵਾਸਤੇ ਇਥੇ ਇਸ ਦਾ ਢੁਕਵਾਂ ਅਰਥ ਹੈ 'ਇੰਦ੍ਰਪੁਰੀ', ਜਿਥੇ ਵਰਖਾ ਦੀ ਕੋਈ ਥੁੜ ਹੀ ਨਹੀਂ ਹੋ ਸਕਦੀ} ਇੰਦ੍ਰਪੁਰੀ। ਸਿੰਧੁ = ਸਮੁੰਦਰ {ਨੋਟ: ਪੁਰਾਣਾਂ ਅਨੁਸਾਰ ਵਿਸ਼ਨੂ ਭਗਵਾਨ ਖੀਰ ਸਮੁੰਦਰ ਵਿਚ ਨਿਵਾਸ ਰੱਖਦੇ ਹਨ}, ਖੀਰ ਸਮੁੰਦਰ, ਵਿਸ਼ਨੂਪੁਰੀ। ਧੂਪ = ਧੁੱਪ, ਧੁੱਪ ਦਾ ਸੋਮਾ ਸੂਰਜ, ਸੂਰਜਲੋਕ। ਛਹੀਆ = ਛਾਂ, ਚੰਦ੍ਰਲੋਕ। ਉਤਪਤਿ = ਪੈਦਾਇਸ਼ {ਨੋਟ: ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਨੂੰ ਮੰਨਿਆ ਗਿਆ ਹੈ, ਸੋ} ਬ੍ਰਹਮਪੁਰੀ। ਪਰਲਉ = ਨਾਸ, {ਸ਼ਿਵ, ਸਾਰੀ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਹੈ, ਸੋ} ਸ਼ਿਵਪੁਰੀ।
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
No life or death, no pain or pleasure is felt there. There is only the Primal Trance of Samaadhi, and no duality. ||1||
ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ ॥੧॥ ਸਮਾਧਿ = ਟਿਕਾਉ, ਜੁੜੀ ਹੋਈ ਸੁਰਤ। ਸੁੰਨ = ਸੁੰਞ, ਮਨ ਦੀ ਉਹ ਹਾਲਤ ਜਿਥੇ ਕੋਈ ਮਾਇਕ ਫੁਰਨਾ ਨਾ ਉਠੇ; ਮਾਇਕ ਫੁਰਨਿਆਂ ਵਲੋਂ ਸੁੰਞ ਵਾਲੀ ਆਤਮਕ ਅਵਸਥਾ। ਸੁੰਨ ਸਮਾਧਿ = ਮਨ ਦੀ ਉਹ ਟਿਕਵੀਂ ਹਾਲਤ ਜਿੱਥੇ ਵਿਕਾਰਾਂ ਵਾਲੇ ਕੋਈ ਫੁਰਨੇ ਨਹੀਂ ਉਠਦੇ। ਦੋਉ = ਦ੍ਵੈਤ, ਵਿਤਕਰਾ, ਮੇਰ-ਤੇਰ ॥੧॥
ਸਹਜ ਕੀ ਅਕਥ ਕਥਾ ਹੈ ਨਿਰਾਰੀ ॥
The description of the state of intuitive poise is indescribable and sublime.
ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਸਹਜ = {सह जायते इति सहजं} ਜੋ ਜੀਵ ਦੇ ਨਾਲ ਹੀ ਜੰਮਦਾ ਹੈ, ਜੋ ਆਤਮਾ ਦਾ ਆਪਣਾ ਅਸਲਾ ਹੈ, ਰੱਬੀ ਅਸਲਾ, ਸ਼ਾਂਤੀ, ਅਡੋਲਤਾ। ਅਕਥ = ਜੋ ਮੁਕੰਮਲ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਨਿਰਾਰੀ = ਨਿਰਾਲੀ, ਅਨੋਖੀ।
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
It is not measured, and it is not exhausted. It is neither light nor heavy. ||1||Pause||
ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ 'ਸਹਿਜ' ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥ ਤੁਲਿ = ਤੱਕੜੀ ਉੱਤੇ। ਤੁਲਿ ਨਹੀ ਬਢੈ = ਤੋਲੀ ਨਹੀਂ ਜਾ ਸਕਦੀ, ਮਿਤ ਨਹੀਂ ਪਾਈ ਜਾ ਸਕਦੀ। ਜਾਇ ਨ ਮੁਕਾਤੀ = ਮੁਕਾਈ ਨਹੀਂ ਜਾ ਸਕਦੀ, ਉਸ ਦਾ ਅੰਤ ਨਹੀਂ ਪੈ ਸਕਦਾ ॥੧॥ ਰਹਾਉ ॥
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
Neither lower nor upper worlds are there; neither day nor night are there.
'ਸਹਿਜ' ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ) ਅਰਧ = ਨੀਵਾਂ। ਉਰਧ = ਉੱਚਾ। ਅਰਧ ਉਰਧ ਦੋਊ = ਅਰਧ ਉਰਧ ਦਾ ਵਿਤਕਰਾ, ਨੀਵੇਂ ਉੱਚੇ ਦਾ ਵਿਤਕਰਾ, ਇਹ ਖ਼ਿਆਲ ਕਿ ਫਲਾਣਾ ਉੱਚੀ ਜਾਤ ਆਦਿਕ ਦਾ ਹੈ ਤੇ ਫਲਾਣਾ ਨੀਵੀਂ ਦਾ। ਰਾਤਿ ਦਿਨਸੁ ਤਹ ਨਾਹੀ = ਉਸ ਸਹਿਜ ਅਵਸਥਾ ਵਿਚ ਜੀਵਾਂ ਦੀ ਰਾਤ ਵਾਲੀ ਹਾਲਤ ਭੀ ਨਹੀਂ ਤੇ ਦਿਨ ਵਾਲੀ ਭੀ ਨਹੀਂ। ਜੀਵ ਰਾਤ ਸੌਂ ਕੇ ਗੁਜ਼ਾਰ ਦੇਂਦੇ ਹਨ ਤੇ ਦਿਨ ਮਾਇਆ ਦੀ ਭਟਕਣਾ ਵਿਚ = ਇਹ ਦੋਵੇਂ ਗੱਲਾਂ ਸਹਿਜ ਅਵਸਥਾ ਵਿਚ ਨਹੀਂ ਹੁੰਦੀਆਂ। ਗ਼ਫ਼ਲਤ ਦੀ ਨੀਂਦ ਤੇ ਮਾਇਆ ਵਲ ਭਟਕਣਾ = ਇਹਨਾਂ ਦੋਹਾਂ ਦਾ ਉੱਥੇ ਅਭਾਵ ਹੈ।
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
There is no water, wind or fire; there, the True Guru is contained. ||2||
(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ-ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥ ਜਲੁ = ਪਾਣੀ, (ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ) ਜਲ। ਪਵਨੁ = ਹਵਾ, ਮਨ ਦੀ ਚੰਚਲਤਾ। ਪਾਵਕੁ = ਅੱਗ, ਤ੍ਰਿਸ਼ਨਾ ਦੀ ਅੱਗ ॥੨॥
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
The Inaccessible and Unfathomable Lord dwells there within Himself; by Guru's Grace, He is found.
ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ। ਅਗਮ = ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ। ਨਿਰੰਤਰਿ = {ਅੰਤਰ = ਵਿੱਥ} ਵਿੱਛ ਤੋਂ ਬਿਨਾ, ਇਕ-ਰਸ, ਸਦਾ ਹੀ।
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
Says Kabeer, I am a sacrifice to my Guru; I remain in the Saadh Sangat, the Company of the Holy. ||3||4||48||
ਕਬੀਰ ਆਖਦਾ ਹੈ- ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥