ਦਸ ਬੈਰਾਗਨਿ ਮੋਹਿ ਬਸਿ ਕੀਨੑੀ ਪੰਚਹੁ ਕਾ ਮਿਟ ਨਾਵਉ ॥
I have brought the ten sensory organs under my control, and erased every trace of the five thieves.
(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ); ਬੈਰਾਗਨਿ = {Skt. वैरागिनी = A female ascetic who has subdued all her passions and desires.} ਸ਼ਾਂਤ ਹੋਏ ਇੰਦ੍ਰੇ। ਮੋਹਿ = ਮੈਂ {ਵੇਖੋ ਲਫ਼ਜ਼ 'ਮੋਹਿ' ਬੰਦ ਨੰ: ੨}। ਪੰਚਹੁ ਕਾ = ਪੰਜ ਕਾਮਾਦਿਕਾਂ ਦਾ। ਨਾਵਉ = ਨਾਮ ਹੀ, ਨਿਸ਼ਾਨ ਹੀ।
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥
I have filled the seventy-two thousand nerve channels with Ambrosial Nectar, and drained out the poison. ||1||
ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥ ਸਤਰਿ ਦੋਇ = ਬਹੱਤਰ ਹਜ਼ਾਰ ਨਾੜੀਆਂ। {ਵੇਖੋ "ਬਹਤਰਿ ਘਰ ਇਕ ਪੁਰਖੁ ਸਮਾਇਆ" = ਸੂਹੀ ਕਬੀਰ ਜੀ}। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਨਾਲ। ਬਿਖੁ = ਜ਼ਹਿਰ, ਮਾਇਆ ਦਾ ਪ੍ਰਭਾਵ ॥੧॥
ਪਾਛੈ ਬਹੁਰਿ ਨ ਆਵਨੁ ਪਾਵਉ ॥
I shall not come into the world again.
ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ, ਪਾਛੈ = ਮੁੜ। ਬਹੁਰਿ = ਫਿਰ।
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥
I chant the Ambrosial Bani of the Word from the depths of my heart, and I have instructed my soul. ||1||Pause||
(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥ ਘਟ ਤੇ = ਹਿਰਦੇ ਤੋਂ, ਦਿਲੋਂ, ਚਿੱਤ ਜੋੜ ਕੇ। ਉਚਰਉ = ਮੈਂ ਉਚਾਰਦਾ ਹਾਂ। ਆਤਮ ਕਉ = ਆਪਣੇ ਆਪ ਨੂੰ ॥੧॥ ਰਹਾਉ ॥
ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥
I fell at the Guru's feet and begged of Him; with the mighty axe, I have chopped off emotional attachment.
ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ। ਬਜਰ = ਕਰੜਾ। ਕੁਠਾਰੁ = ਕੁਹਾੜਾ। ਮੋਹਿ = ਮੈਂ (ਵੇਖੋ ਪਹਿਲੀ ਤੁਕ ਵਿਚ ਲਫ਼ਜ਼ 'ਮੋਹਿ')। ਲਗਿ = ਲੱਗ ਕੇ। ਪਾਵਉ = ਚਰਨੀਂ। (ਨੋਟ: ਇੱਥੇ ਰਾਮਾਇਣ ਦੀ ਉਸ ਸਾਖੀ ਵਲ ਇਸ਼ਾਰਾ ਹੈ ਜਦੋਂ ਸੀਤਾ ਜੀ ਦੇ ਸੁਅੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸ਼ਿਵ ਜੀ ਦਾ ਧਨੁੰਖ ਤੋੜਿਆ ਸੀ; ਪਰਸ ਰਾਮ ਇਹ ਸੁਣ ਕੇ ਆਪਣਾ ਭਿਆਨਕ ਸ਼ਸਤ੍ਰ ਕੁਹਾੜਾ ਲੈ ਕੇ ਸ੍ਰੀ ਰਾਮ ਚੰਦਰ ਜੀ ਨੂੰ ਮਾਰਨ ਲਈ ਆਇਆ। ਪਰ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਵਿਚ ਆਏ ਪਰਸ ਰਾਮ ਦੇ ਚਰਨੀਂ ਹੱਥ ਲਾ ਦਿੱਤੇ, ਇਸ ਤਰ੍ਹਾਂ ਉਸ ਦਾ ਕ੍ਰੋਧ ਤੇ ਬਲ ਖਿੱਚ ਲਿਆ ਤੇ ਕੁਹਾੜਾ ਉਸ ਦੇ ਹੱਥੋਂ ਡਿੱਗ ਪਿਆ)।
ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥
Turning away from the world, I have become the servant of the Saints; I fear no one except the Lord's devotees. ||2||
(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥ ਡਰਪਾਵਉ = ਡਰਦਾ ਹਾਂ ॥੨॥
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥
I shall be released from this world, when I stop clinging to Maya.
ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਛੂਟਉ = ਬਚਦਾ ਹਾਂ।
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥
Maya is the name of the power which causes us to be born; renouncing it, we obtain the Blessed Vision of the Lord's Darshan. ||3||
ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥ ਤਿਹ = ਇਸ ਮਾਇਆ ਨੂੰ। ਤਜਿ = ਤਿਆਗ ਕੇ ॥੩॥
ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥
That humble being, who performs devotional worship in this way, is rid of all fear.
ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ। ਇਤੁ ਕਰਿ = ਇਸ ਤਰ੍ਹਾਂ। ਕਰਹਿ = ਕਰਦੇ ਹਨ। ਚੁਕਾਈਐ = ਦੂਰ ਹੋ ਜਾਂਦਾ ਹੈ।
ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥
Says Naam Dayv, why are you wandering around out there? This is the way to find the Lord. ||4||2||
ਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥ ਬਾਹਰਿ = (ਬੈਰਾਗੀ ਬਣ ਕੇ ਬਨ ਆਦਿਕਾਂ ਵਿਚ) ਬਾਹਰ। ਇਹ ਸੰਜਮ = (ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ, ਕਾਮਾਦਿਕਾਂ ਤੋਂ ਬਚ ਕੇ, ਆਪਣੇ ਗੁਰੂ ਦੀ ਸ਼ਰਨ ਪੈ ਕੇ, ਮਾਇਆ ਦਾ ਮੋਹ ਤਿਆਗ ਕੇ) ਇਹਨਾਂ ਜੁਗਤੀਆਂ ਨਾਲ ॥੪॥੨॥