ਗੋਂਡ ਮਹਲਾ ੪ ॥
Gond, Fourth Mehl:
ਗੋਂਡ ਚੌਥੀ ਪਾਤਿਸ਼ਾਹੀ।
ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥
Remembering the Lord in meditation, you shall find bliss and peace forever deep within, and your mind will become tranquil and cool.
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ। ਸਿਮਰਤ = ਸਿਮਰਦਿਆਂ। ਅੰਤਰਿ = ਹਿਰਦੇ ਵਿਚ। ਸੀਤਲ = ਠੰਢਾ।
ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥
It is like the harsh sun of Maya, with its burning heat; seeing the moon, the Guru, its heat totally vanishes. ||1||
ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ ॥੧॥ ਸਕਤਿ = ਮਾਇਆ। ਸੂਰੁ = ਸੂਰਜ। ਜਲਤਾ = ਤਪਦਾ। ਸਸਿ = ਚੰਦ੍ਰਮਾ। ਤਪਨ = ਤਪਸ਼ ॥੧॥
ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥
O my mind, night and day, meditate, and chant the Lord's Name.
ਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ! ਮਨ = ਹੇ ਮਨ! ਅਨਦਿਨੁ = ਹਰ ਰੋਜ਼, ਹਰ ਵੇਲੇ।
ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥
Here and hereafter, He shall protect you, everywhere; serve such a God forever. ||1||Pause||
ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ ॥੧॥ ਰਹਾਉ ॥ ਜਹਾ ਕਹਾ = ਜਿੱਥੇ ਕਿੱਥੇ, ਹਰ ਥਾਂ। ਠਾਈ = ਥਾਈਂ। ਸੇਵਿ = ਸਿਮਰ ॥੧॥ ਰਹਾਉ ॥
ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥
Meditate on the Lord, who contains all treasures, O my mind; as Gurmukh, search for the jewel, the Lord.
ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ। ਜਾ ਮਹਿ = ਜਿਸ (ਹਰੀ) ਵਿਚ। ਸਭਿ = ਸਾਰੇ। ਨਿਧਾਨ = ਖ਼ਜ਼ਾਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਖੋਜਿ = ਖੋਜ ਕੇ। ਲਹਹੁ = ਲੱਭੋ।
ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥
Those who meditate on the Lord, find the Lord, my Lord and Master; I wash the feet of those slaves of the Lord. ||2||
ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ ॥੨॥ ਜਿਸ = ਜਿਨ੍ਹਾਂ ਨੇ {ਜਿਨਿ = ਜਿਸ ਨੇ}। ਤਿਨ ਕੇ ਹਰਿ ਦਸਨਾ = ਤਿਨ ਹਰਿ ਦਸਨਾ ਕੇ, ਉਹਨਾਂ ਹਰੀ ਦੇ ਦਾਸਾਂ ਦੇ ॥੨॥
ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥
One who realizes the Word of the Shabad, obtains the sublime essence of the Lord; such a Saint is lofty and sublime, the greatest of the great.
ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਪਛਾਣਿ = ਪਛਾਣ ਕੇ, ਸਾਂਝ ਪਾ ਕੇ। ਬਡ ਬਡਨਾ = ਬਹੁਤ ਵੱਡਾ।
ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥
The Lord Himself magnifies the glory of that humble servant. No one can lessen or decrease that glory, not even a bit. ||3||
ਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ ॥੩॥ ਓਹ = ਉਹ ਵਡਿਆਈ ॥੩॥
ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥
He shall give you peace, O my mind; meditate forever, every day on Him, with your palms pressed together.
ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ। ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਕਰ = ਹੱਥ {ਬਹੁ-ਵਚਨ}। ਜੁਰਨਾ = ਜੋੜ ਕੇ।
ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥
Please bless servant Nanak with this one gift, O Lord, that Your feet may dwell within my heart forever. ||4||3||
ਹੇ ਹਰੀ! (ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ ॥੪॥੩॥ ਕਉ = ਨੂੰ। ਹਰਿ = ਹੇ ਹਰੀ! ਮੋਹਿ ਰਿਦੈ = ਮੇਰੇ ਹਿਰਦੇ ਵਿਚ ॥੪॥੩॥