ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
Sorat'h, Fifth Mehl, First House, Chau-Thukay:
ਸੋਰਠਿ ਪੰਜਵੀਂ ਪਾਤਿਸ਼ਾਹੀ। ਚੋਤੁਕੇ। ਚੌਤੁਕੇ = ਚੌ-ਤੁਕੇ, ਚਾਰ ਚਾਰ ਤੁਕਾਂ ਵਾਲੇ 'ਬੰਦ' (ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਚਾਰ ਤੁਕਾਂ ਹਨ)।
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥
Praise the Guru, and the Lord of the Universe, O Siblings of Destiny; enshrine Him in your mind, body and heart.
ਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਸਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰ = ਧਾਰਿ, ਧਾਰ ਕੇ, ਟਿਕਾ ਕੇ।
ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥
Let the True Lord and Master abide in your mind, O Siblings of Destiny; this is the most excellent way of life.
ਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਰ = ਸ੍ਰਸ਼ੇਟ। ਕਰਣੀ = ਕਰਤੱਬ।
ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥
Those bodies, in which the Name of the Lord does not well up, O Siblings of Destiny - those bodies are reduced to ashes.
ਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ। ਜਿਤੁ = ਜਿਸ ਵਿਚ। ਜਿਤੁ ਤਨਿ = ਜਿਤੁ ਜਿਤੁ ਤਨਿ, ਜਿਸ ਜਿਸ ਸਰੀਰ ਵਿਚ। ਸੇ ਤਨ = ਉਹ (ਸਾਰੇ) ਸਰੀਰ। ਛਾਰ = ਸੁਆਹ।
ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥
I am a sacrifice to the Saadh Sangat, the Company of the Holy, O Siblings of Destiny; they take the Support of the One and Only Lord. ||1||
ਹੇ ਭਾਈ! (ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ ॥੧॥ ਕਉ = ਤੋਂ। ਵਾਰਿਆ = ਕੁਰਬਾਨ। ਸਾਧ ਸੰਗਤਿ ਕਉ = ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ। ਅਧਾਰ = ਆਸਰਾ ॥੧॥
ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥
So worship and adore that True Lord, O Siblings of Destiny; He alone does everything.
ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਜਿਸ ਤੋਂ।
ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥
The Perfect Guru has taught me, O Siblings of Destiny, that without Him, there is no other at all. ||Pause||
ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ ਰਹਾਉ॥ ਗੁਰਿ = ਗੁਰੂ ਨੇ ॥ਰਹਾਉ॥
ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥
Without the Naam, the Name of the Lord, they putrefy and die, O Siblings of Destiny; their numbers cannot be counted.
ਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ। ਪਚਿ = (ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ, ਉਲਝ ਕੇ। ਮੁਏ = ਆਤਮਕ ਮੌਤੇ ਮਰ ਗਏ। ਗਣਤ = ਗਿਣਤੀ।
ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥
Without Truth, purity cannot be achieved, O Siblings of Destiny; the Lord is true and unfathomable.
ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ)। ਵਿਣੁ ਸਚ = ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ। ਸੋਚ = (ਆਤਮਕ) ਪਵਿਤਤ੍ਰਾ। ਅਗਮ = ਅਪਹੁੰਚ। ਧਣੀ = ਮਾਲਕ।
ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥
Coming and going do not end, O Siblings of Destiny; pride in worldly valuables is false.
ਹੇ ਭਾਈ! (ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ)। ਦੁਨੀ ਮਣੀ = ਦੁਨੀਆ (ਦੇ ਪਦਾਰਥਾਂ) ਦਾ ਮਾਣ।
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥
The Gurmukh saves millions of people, O Siblings of Destiny, blessing them with even a particle of the Name. ||2||
(ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ ॥੨॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਟਿ = ਕ੍ਰੋੜਾਂ ਨੂੰ। ਨਾਵੈ = ਨਾਮ ਦੀ ॥੨॥
ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥
I have searched through the Simritees and the Shaastras, O Siblings of Destiny - without the True Guru, doubt does not depart.
ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ), ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ। ਸੋਧਿਆ = ਵਿਚਾਰ ਵੇਖੇ ਹਨ। ਭਰਮੁ = ਭਟਕਣਾ। ਨ ਜਾਇ = ਨਹੀਂ ਜਾਂਦੀ।
ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥
They are so tired of performing their many deeds, O Siblings of Destiny, but they fall into bondage again and again.
ਹੇ ਭਾਈ! (ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ। ਪਾਇ = ਸਹੇੜਦਾ ਹੈ।
ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥
I have searched in the four directions, O Siblings of Destiny, but without the True Guru, there is no place at all.
ਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ। ਜਾਇ = ਥਾਂ।
ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥
By great good fortune, I found the Guru, O Siblings of Destiny, and I meditate on the Name of the Lord, Har, Har. ||3||
ਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥ ਧਿਆਇ = ਧਿਆਉਂਦਾ ਹੈ ॥੩॥
ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥
The Truth is forever pure, O Siblings of Destiny; those who are true are pure.
ਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਪਵਿਤ੍ਰ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਨਿਰਮਲਾ = ਪਵਿਤ੍ਰ। ਸਾਚੇ ਸੋਇ = ਸਦਾ-ਥਿਰ ਪ੍ਰਭੂ ਦੀ ਸੋਭਾ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ।
ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥
When the Lord bestows His Glance of Grace, O Siblings of Destiny, then one obtains Him.
ਹੇ ਭਾਈ! ਇਹ ਸਿਫ਼ਤ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ,
ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥
Among millions, O Siblings of Destiny, hardly one humble servant of the Lord is found.
ਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ। ਮਧੇ = ਵਿਚ।
ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥
Nanak is imbued with the True Name, O Siblings of Destiny; hearing it, the mind and body become immaculately pure. ||4||2||
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ॥੪॥੨॥ ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰੀ ਦੇ ਨਾਮ ਵਿਚ। ਸੁਣਿ = (ਸੋਇ) ਸੁਣ ਕੇ ॥੪॥੨॥