ਮਾਰੂ ਮਹਲਾ

Maaroo, Third Mehl:

ਮਾਰੂ ਤੀਜੀ ਪਾਤਿਸ਼ਾਹੀ।

ਸੋ ਸਚੁ ਸੇਵਿਹੁ ਸਿਰਜਣਹਾਰਾ

Serve the True Creator Lord.

ਉਸ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਸਿਮਰਨ ਕਰਿਆ ਕਰੋ, ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੇਵਿਹੁ = ਸਿਮਰਿਆ ਕਰੋ।

ਸਬਦੇ ਦੂਖ ਨਿਵਾਰਣਹਾਰਾ

The Word of the Shabad is the Destroyer of pain.

ਉਹ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ ਸਾਰੇ) ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ। ਸਬਦੇ = ਸ਼ਬਦ ਵਿਚ (ਜੋੜ ਕੇ)। ਨਿਵਾਰਣਹਾਰਾ = ਦੂਰ ਕਰ ਸਕਣ ਵਾਲਾ।

ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥

He is inaccessible and unfathomable; He cannot be evaluated. He Himself is inaccessible and immeasurable. ||1||

ਉਹ ਅਪਹੁੰਚ ਅਗੋਚਰ ਤੇ ਅਥਾਹ ਪ੍ਰਭੂ (ਆਪਣੇ ਵਰਗਾ) ਆਪ ਹੀ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਥਾਹਾ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੧॥

ਆਪੇ ਸਚਾ ਸਚੁ ਵਰਤਾਏ

The True Lord Himself makes Truth pervasive.

ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਆਪਣਾ ਅਟੱਲ ਹੁਕਮ ਵਰਤਾ ਰਿਹਾ ਹੈ। ਆਪੇ = ਆਪ ਹੀ। ਸਚੁ = ਅਟੱਲ ਹੁਕਮ।

ਇਕਿ ਜਨ ਸਾਚੈ ਆਪੇ ਲਾਏ

He attaches some humble beings to the Truth.

ਕਈ ਭਗਤ-ਜਨ ਐਸੇ ਹਨ ਜਿਨ੍ਹਾਂ ਨੂੰ ਉਸ ਸਦਾ-ਥਿਰ ਕਰਤਾਰ ਨੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।

ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥

They serve the True Lord and practice Truth; through the Name, they are absorbed in the True Lord. ||2||

ਉਹ ਭਗਤ-ਜਨ ਸਦਾ-ਥਿਰ ਦਾ ਹੀ ਸਿਮਰਨ ਕਰਦੇ ਰਹਿੰਦੇ ਹਨ, ਸਦਾ-ਥਿਰ ਨਾਮ (ਸਿਮਰਨ) ਦੀ ਕਮਾਈ ਕਰਦੇ ਹਨ, ਨਾਮ (ਸਿਮਰਨ ਦੀ ਬਰਕਤਿ) ਨਾਲ ਉਹ ਉਸ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੨॥ ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਨੂੰ ਹੀ। ਨਾਮੇ = ਨਾਮ ਦੀ ਰਾਹੀਂ ਹੀ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥

ਧੁਰਿ ਭਗਤਾ ਮੇਲੇ ਆਪਿ ਮਿਲਾਏ

The Primal Lord unites His devotees in His Union.

ਧੁਰ ਦਰਗਾਹ ਤੋਂ ਭਗਤਾਂ ਨੂੰ ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ, ਧੁਰਿ = ਧੁਰੋਂ ਹੀ, ਆਪਣੇ ਹੁਕਮ ਅਨੁਸਾਰ।

ਸਚੀ ਭਗਤੀ ਆਪੇ ਲਾਏ

He attaches them to true devotional worship.

ਆਪ ਹੀ ਉਹਨਾਂ ਨੂੰ ਆਪਣੀ ਸੱਚੀ ਭਗਤੀ ਵਿਚ ਜੋੜਦਾ ਹੈ।

ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥

One who sings forever the Glorious Praises of the Lord, through the True Word of His Bani, earns the profit of this life. ||3||

(ਉਸ ਦੀ ਆਪਣੀ ਮਿਹਰ ਨਾਲ ਹੀ ਮਨੁੱਖ) ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ ਉਸ ਦੇ ਗੁਣ ਗਾਂਦਾ ਹੈ-ਇਹ ਸਿਫ਼ਤ-ਸਾਲਾਹ ਹੀ ਇਸ ਮਨੁੱਖਾ ਜਨਮ ਦੀ ਖੱਟੀ ਹੈ ॥੩॥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਗਾਵੈ = ਗਾਂਦਾ ਹੈ {ਇਕ-ਵਚਨ}। ਲਾਹਾ = ਲਾਭ ॥੩॥

ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ

The Gurmukh trades, and understands his own self.

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ (ਨਾਮ ਜਪਣ ਦਾ) ਵਣਜ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਕਿਸੇ) ਪਰਾਏ ਨੂੰ ਤੇ ਕਿਸੇ ਆਪਣੇ ਨੂੰ (ਇਉਂ) ਪਛਾਣਦੇ ਹਨ, ਕਰਹਿ = ਕਰਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਪਰੁ = ਪਰਾਏ ਨੂੰ। ਆਪੁ = ਆਪਣੇ ਨੂੰ।

ਏਕਸ ਬਿਨੁ ਕੋ ਅਵਰੁ ਜਾਣਹਿ

He knows no other than the One Lord.

(ਕਿ ਇਹਨਾਂ ਵਿਚ) ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਵੱਸਦਾ ਉਹ ਨਹੀਂ ਜਾਣਦੇ। ਕੋ ਅਵਰੁ = ਕੋਈ ਹੋਰ।

ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥

True is the banker, and True are His traders, who buy the merchandise of the Naam. ||4||

(ਉਹ ਸਮਝਦੇ ਹਨ ਕਿ ਸਭਨਾਂ ਨੂੰ ਆਤਮਕ ਜੀਵਨ ਦੀ ਪੂੰਜੀ ਦੇਣ ਵਾਲਾ) ਸ਼ਾਹ-ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜੀਵ ਉਸ ਦੇ ਸਦਾ-ਥਿਰ ਨਾਮ ਦਾ ਵਣਜ ਕਰਨ ਵਾਲੇ ਹਨ, (ਪਰਮਾਤਮਾ ਪਾਸੋਂ) ਪੂੰਜੀ (ਲੈ ਕੇ ਉਸ ਦਾ) ਨਾਮ-ਸੌਦਾ ਖ਼ਰੀਦਦੇ ਹਨ ॥੪॥ ਸਾਹੁ = ਜੀਵ-ਵਣਜਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹ-ਪ੍ਰਭੂ। ਵਿਸਾਹਾ = ਵਣਜ ਕਰਦੇ ਹਨ ॥੪॥

ਆਪੇ ਸਾਜੇ ਸ੍ਰਿਸਟਿ ਉਪਾਏ

He Himself fashions and creates the Universe.

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਰਚਦਾ ਹੈ। ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸ੍ਰਿਸਟਿ = ਜਗਤ। ਕਉ = ਨੂੰ।

ਵਿਰਲੇ ਕਉ ਗੁਰਸਬਦੁ ਬੁਝਾਏ

He inspires a few to realize the Word of the Guru's Shabad.

(ਕਿਸੇ) ਵਿਰਲੇ (ਭਾਗਾਂ ਵਾਲੇ) ਨੂੰ ਗੁਰੂ ਦੇ ਸ਼ਬਦ ਦੀ ਸੂਝ ਭੀ ਆਪ ਹੀ ਬਖ਼ਸ਼ਦਾ ਹੈ। ਗੁਰ ਸਬਦੁ = ਗੁਰੂ ਦਾ ਸ਼ਬਦ। ਬੁਝਾਏ = ਸਮਝਾਂਦਾ ਹੈ।

ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥

Those humble beings who serve the True Guru are true. He snaps the noose of death from around their necks. ||5||

(ਉਸ ਦੀ ਮਿਹਰ ਨਾਲ ਜਿਹੜੇ ਮਨੁੱਖ) ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਆਪ ਹੀ ਉਹਨਾਂ ਦੀ ਜਮ (ਆਤਮਕ ਮੌਤ) ਦੀ ਫਾਹੀ ਕੱਟਦਾ ਹੈ ॥੫॥ ਸੇਵਹਿ = ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਅਡੋਲ ਜੀਵਨ ਵਾਲੇ ॥੫॥

ਭੰਨੈ ਘੜੇ ਸਵਾਰੇ ਸਾਜੇ

He destroys, creates, embellishes and fashions all beings,

(ਜੀਵਾਂ ਦੇ ਸਰੀਰ-ਭਾਂਡੇ) ਘੜ ਕੇ (ਆਪ ਹੀ) ਭੰਨਦਾ ਹੈ, ਆਪ ਹੀ ਪੈਦਾ ਕਰਦਾ ਤੇ ਸੰਵਾਰਦਾ ਹੈ। ਘੜੇ = ਘੜਿ, ਘੜ ਕੇ। ਸਵਾਰੇ = ਸੋਹਣੇ ਬਣਾਂਦਾ ਹੈ।

ਮਾਇਆ ਮੋਹਿ ਦੂਜੈ ਜੰਤ ਪਾਜੇ

and attaches them to duality, attachment and Maya.

ਮਾਇਆ ਦੇ ਮੋਹ ਵਿਚ, ਮੇਰ-ਤੇਰ ਵਿਚ ਭੀ ਜੀਵ (ਉਸ ਨੇ ਆਪ ਹੀ) ਪਾਏ ਹੋਏ ਹਨ। ਮੋਹਿ = ਮੋਹ ਵਿਚ। ਦੂਜੈ = ਮੇਰ-ਤੇਰ ਵਿਚ। ਪਾਜੇ = ਪਾਏ ਹੋਏ ਹਨ।

ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

The self-willed manmukhs wander around forever, acting blindly. Death has strung his noose around their necks. ||6||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮੋਹ ਵਿਚ) ਭਟਕਦੇ ਫਿਰਦੇ ਹਨ, ਸਦਾ ਅੰਨ੍ਹਿਆਂ ਵਾਲਾ ਕੰਮ ਕਰਦੇ ਰਹਿੰਦੇ ਹਨ, ਉਹਨਾਂ ਦੇ ਗਲ ਵਿਚ ਆਤਮਕ ਮੌਤ ਦੀ ਰੱਸੀ ਫਾਹੀ ਪਈ ਰਹਿੰਦੀ ਹੈ ॥੬॥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅੰਧੁ = ਅੰਨ੍ਹਿਆਂ ਵਾਲਾ ਕੰਮ। ਗਲਿ = ਗਲ ਵਿਚ ॥੬॥

ਆਪੇ ਬਖਸੇ ਗੁਰ ਸੇਵਾ ਲਾਏ

He Himself forgives, and enjoins us to serve the Guru.

ਪ੍ਰਭੂ ਆਪ (ਜਿਨ੍ਹਾਂ ਉੱਤੇ) ਬਖ਼ਸ਼ਸ਼ ਕਰਦਾ ਹੈ (ਉਹਨਾਂ ਨੂੰ) ਗੁਰੂ ਦੀ ਸੇਵਾ ਵਿਚ ਜੋੜਦਾ ਹੈ,

ਗੁਰਮਤੀ ਨਾਮੁ ਮੰਨਿ ਵਸਾਏ

Through the Guru's Teachings, the Naam comes to dwell within the mind.

ਗੁਰੂ ਦੀ ਮੱਤ ਦੇ ਕੇ (ਆਪਣਾ) ਨਾਮ (ਉਹਨਾਂ ਦੇ) ਮਨ ਵਿਚ ਵਸਾਂਦਾ ਹੈ। ਮੰਨਿ = ਮਨਿ, ਮਨ ਵਿਚ।

ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

Night and day, meditate on the Naam, the Name of the True Lord, and earn the profit of the Naam in this world. ||7||

ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਸਿਮਰਦਾ ਹੈ, ਉਹ ਅਡੋਲ ਜੀਵਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਹੀ ਇਸ ਜਗਤ ਵਿਚ ਖੱਟੀ ਹੈ ॥੭॥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਾ = ਸਦਾ-ਥਿਰ। ਨਾਮੋ = ਨਾਮ ਹੀ। ਲਾਹਾ = ਲਾਭ ॥੭॥

ਆਪੇ ਸਚਾ ਸਚੀ ਨਾਈ

He Himself is True, and True is His Name.

ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ। ਨਾਈ = ਵਡਿਆਈ। ਸਚੀ = ਸਦਾ ਕਾਇਮ ਰਹਿਣ ਵਾਲੀ।

ਗੁਰਮੁਖਿ ਦੇਵੈ ਮੰਨਿ ਵਸਾਈ

The Gurmukh bestows it, and enshrines it within the mind.

ਗੁਰੂ ਦੇ ਸਨਮੁਖ ਰੱਖ ਕੇ (ਜੀਵ ਨੂੰ ਆਪਣੀ ਵਡਿਆਈ) ਦੇਂਦਾ ਹੈ (ਜੀਵ ਦੇ) ਮਨ ਵਿਚ ਵਸਾਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੂੰ। ਮੰਨਿ = ਮਨਿ, ਮਨ ਵਿਚ।

ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥

Noble and exalted are those, within whose mind the Lord abides. Their heads are free of strife. ||8||

ਜਿਨ੍ਹਾਂ ਦੇ ਮਨ ਵਿਚ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸੋਭਦੇ ਹਨ, ਉਹਨਾਂ ਦੇ ਸਿਰ ਉੱਤੇ (ਪਿਆ) ਭਾਰਾ ਮੁੱਕ ਜਾਂਦਾ ਹੈ ॥੮॥ ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਹਹਿ = ਸੋਹਣੇ ਲੱਗਦੇ ਹਨ। ਸਿਰਿ = ਸਿਰ ਉਤੇ (ਪਿਆ ਹੋਇਆ)। ਕਾਹਾ = ਭਾਰਾ, ਕਜ਼ੀਆ। ਚੂਕਾ = ਮੁੱਕ ਜਾਂਦਾ ਹੈ ॥੮॥

ਅਗਮ ਅਗੋਚਰੁ ਕੀਮਤਿ ਨਹੀ ਪਾਈ

He is inaccessible and unfathomable; His value cannot be appraised.

ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ)। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

ਗੁਰ ਪਰਸਾਦੀ ਮੰਨਿ ਵਸਾਈ

By Guru's Grace, He dwells within the mind.

ਮੈਂ ਤਾਂ ਉਸ ਨੂੰ ਗੁਰੂ ਦੀ ਕਿਰਪਾ ਨਾਲ (ਆਪਣੇ) ਮਨ ਵਿਚ ਵਸਾਂਦਾ ਹਾਂ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ।

ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਮੰਗੈ ਤਾਹਾ ਹੇ ॥੯॥

No one calls that person to account, who praises the Word of the Shabad, the Giver of virtue. ||9||

ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸਦਾ ਉਸ ਗੁਣਾਂ ਦੇ ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹਾਂ। (ਜਿਹੜਾ ਉਸ ਗੁਣ-ਦਾਤੇ ਦੀ ਸਿਫ਼ਤ-ਸਾਲਾਹ ਕਰਦਾ ਹੈ) ਉਸ (ਦੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ ॥੯॥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਤਾਹਾ = ਉਸ ਦਾ। ਸਬਦਿ = ਸ਼ਬਦ ਦੀ ਰਾਹੀਂ ॥੯॥

ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ

Brahma, Vishnu and Shiva serve Him.

ਬ੍ਰਹਮਾ ਵਿਸ਼ਨੂ ਸ਼ਿਵ (ਇਹ ਸਾਰੇ) ਉਸ (ਪਰਮਾਤਮਾ) ਦੀ ਹੀ ਸਰਨ ਵਿਚ ਰਹਿੰਦੇ ਹਨ। ਰੁਦ੍ਰੁ = ਸ਼ਿਵ। ਤਿਸੁ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ ਪਰਮਾਤਮਾ ਦੀ।

ਅੰਤੁ ਪਾਵਹਿ ਅਲਖ ਅਭੇਵਾ

Even they cannot find the limits of the unseen, unknowable Lord.

(ਇਹ ਵੱਡੇ ਵੱਡੇ ਦੇਵਤੇ ਭੀ ਉਸ) ਅਲੱਖ ਅਤੇ ਅਭੇਵ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪਾ ਸਕਦੇ। ਪਾਵਹਿ = ਪਾ ਸਕਦੇ, ਪਾਂਦੇ {ਬਹੁ-ਵਚਨ}। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।

ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥

Those who are blessed by Your Glance of Grace, become Gurmukh, and comprehend the incomprehensible. ||10||

ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਉਹਨਾਂ ਨੂੰ ਗੁਰੂ ਦੀ ਸਰਨ ਪਾ ਕੇ ਤੂੰ ਆਪਣਾ ਅਲੱਖ ਸਰੂਪ ਸਮਝਾ ਦੇਂਦਾ ਹੈ ॥੧੦॥ ਕਰਹਿ = ਤੂੰ ਕਰਦਾ ਹੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧੦॥

ਪੂਰੈ ਸਤਿਗੁਰਿ ਸੋਝੀ ਪਾਈ

The Perfect True Guru has imparted this understanding.

ਪੂਰੇ ਸਤਿਗੁਰੂ ਨੇ (ਮੈਨੂੰ ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਸਤਿਗੁਰਿ = ਗੁਰੂ ਦੀ ਰਾਹੀਂ।

ਏਕੋ ਨਾਮੁ ਮੰਨਿ ਵਸਾਈ

I have enshrined the Naam, the One Name, within my mind.

ਹੁਣ ਮੈਂ ਪਰਮਾਤਮਾ ਦਾ ਹੀ ਨਾਮ ਆਪਣੇ ਮਨ ਵਿਚ ਵਸਾਂਦਾ ਹਾਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।

ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥

I chant the Naam, and meditate on the Naam. Singing His Glorious Praises, I enter the Mansion of the Lord's Presence. ||11||

ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਅਤੇ ਉਸ ਦਾ ਨਾਮ ਧਿਆਉਂਦਾ ਹਾਂ, (ਨਾਮ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਣਾ ਪ੍ਰਾਪਤ ਕਰ ਕੇ ਮੈਂ ਉਸ ਦੇ ਗੁਣਾਂ ਵਿਚ ਚੁੱਭੀ ਲਾ ਰਿਹਾ ਹਾਂ ॥੧੧॥ ਜਪੀ = ਜਪੀਂ, ਮੈਂ ਜਪਦਾ ਹਾਂ। ਤੈ = ਅਤੇ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਮਹਲੁ = ਪ੍ਰਭੂ-ਚਰਨਾਂ ਵਿਚ ਟਿਕਾਣਾ। ਗਾਹਾ = ਗਾਹਾਂ, ਮੈਂ ਚੁੱਭੀ ਲਾਂਦਾ ਹਾਂ ॥੧੧॥

ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ

The servant serves, and obeys the Command of the Infinite Lord.

ਪਰਮਾਤਮਾ ਦੇ ਭਗਤ ਤਾਂ ਉਸ ਬੇਅੰਤ ਪ੍ਰਭੂ ਦਾ ਹੁਕਮ ਮੰਨ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ, ਸੇਵਹਿ = ਸੇਵਾ ਕਰਦੇ ਹਨ। ਮੰਨਿ = ਮੰਨ ਕੇ।

ਮਨਮੁਖ ਹੁਕਮੁ ਜਾਣਹਿ ਸਾਰਾ

The self-willed manmukhs do not know the value of the Lord's Command.

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਦੇ ਹੁਕਮ ਦੀ ਕਦਰ ਨਹੀਂ ਸਮਝਦੇ। ਮਨਮੁਖ = ਮਨ ਦੇ ਮੁਰੀਦ ਮਨੁੱਖ। ਹੁਕਮ ਸਾਰਾ = ਹੁਕਮ ਦੀ ਸਾਰ, ਹੁਕਮ ਦੀ ਕਦਰ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}।

ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥

By the Hukam of the Lord's Command, one is exalted; by His Hukam, one is glorified; by His Hukam, one becomes carefree. ||12||

ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਪ੍ਰਭੂ ਹੁਕਮ (ਮੰਨਣ) ਦੀ ਰਾਹੀਂ (ਲੋਕ ਪਰਲੋਕ ਦੀ) ਵਡਿਆਈ ਪ੍ਰਾਪਤ ਕਰਦਾ ਹੈ, ਉਹ ਵੇਪਰਵਾਹ ਪ੍ਰਭੂ ਦੇ ਹੁਕਮ ਵਿਚ ਹੀ ਲੀਨ ਰਹਿੰਦਾ ਹੈ ॥੧੨॥

ਗੁਰ ਪਰਸਾਦੀ ਹੁਕਮੁ ਪਛਾਣੈ

By Guru's Grace, one recognizes the Lord's Hukam.

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ, ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਹੁਕਮੁ = (ਪਰਮਾਤਮਾ ਦੀ) ਰਜ਼ਾ।

ਧਾਵਤੁ ਰਾਖੈ ਇਕਤੁ ਘਰਿ ਆਣੈ

The wandering mind is restrained, and brought back to the home of the One Lord.

ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ। ਧਾਵਤੁ = ਭਟਕਦਾ ਮਨ। ਇਕਤੁ = ਇੱਕ ਵਿਚ ਹੀ {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਘਰਿ = ਘਰ ਵਿਚ। ਇਕਤੁ ਘਰਿ = ਇਕ ਹੀ ਘਰ ਵਿਚ। ਆਣੈ = ਲੈ ਆਉਂਦਾ ਹੈ।

ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥

Imbued with the Naam, one remains forever detached; the jewel of the Naam rests within the mind. ||13||

ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ ॥੧੩॥ ਨਾਮੇ = ਮਨ ਵਿਚ ਹੀ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ, ਨਿਰਲੇਪ। ਮਨਿ = ਮਨ ਵਿਚ। ਤਾਹਾ = ਉਸ ਦੇ। ਮਨਿ ਤਾਹਾ = ਉਸ ਦੇ ਮਨ ਵਿਚ ॥੧੩॥

ਸਭ ਜਗ ਮਹਿ ਵਰਤੈ ਏਕੋ ਸੋਈ

The One Lord is pervasive throughout all the world.

ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ, ਵਰਤੈ = ਵਿਆਪਕ ਹੈ।

ਗੁਰ ਪਰਸਾਦੀ ਪਰਗਟੁ ਹੋਈ

By Guru's Grace, He is revealed.

ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ। ਪਰਗਟੁ ਹੋਈ = ਦਿੱਸਦਾ ਹੈ।

ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥

Those humble beings who praise the Shabad are immaculate; they dwell within the home of their own inner self. ||14||

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ ॥੧੪॥ ਸਲਾਹਹਿ = ਸਲਾਹੁੰਦੇ ਹਨ। ਸੇ = ਉਹ {ਬਹੁ-ਵਚਨ}। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਾਹਾ = ਉਹਨਾਂ ਦਾ ॥੧੪॥

ਸਦਾ ਭਗਤ ਤੇਰੀ ਸਰਣਾਈ

The devotees abide forever in Your Sanctuary, Lord.

ਹੇ ਪ੍ਰਭੂ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ।

ਅਗਮ ਅਗੋਚਰ ਕੀਮਤਿ ਨਹੀ ਪਾਈ

You are inaccessible and unfathomable; Your value cannot be estimated.

ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ)। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ।

ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥

As it pleases Your Will, You keep us; the Gurmukh meditates on the Naam. ||15||

ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ ॥੧੫॥ ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਤਿਉ = ਉਸੇ ਤਰ੍ਹਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ॥੧੫॥

ਸਦਾ ਸਦਾ ਤੇਰੇ ਗੁਣ ਗਾਵਾ

Forever and ever, I sing Your Glorious Praises.

ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ, ਗਾਵਾ = ਗਾਵਾਂ, ਮੈਂ ਗਾਂਦਾ ਹਾਂ।

ਸਚੇ ਸਾਹਿਬ ਤੇਰੈ ਮਨਿ ਭਾਵਾ

O my True Lord and Master, may I become pleasing to Your Mind.

ਤਾਂ ਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ। ਸਾਹਿਬ = ਹੇ ਸਾਹਿਬ! ਸਚੇ ਸਾਹਿਬ = ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੈ ਮਨਿ = ਤੇਰੇ ਮਨ ਵਿਚ। ਭਾਵਾ = ਭਾਵਾਂ, ਮੈਂ ਭਾ ਜਾਵਾਂ, ਮੈਂ ਪਿਆਰਾ ਲੱਗਾਂ।

ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥

Nanak offers this true prayer: O Lord, please bless me with Truth, that I may merge in the Truth. ||16||1||10||

(ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ ॥੧੬॥੧॥੧੦॥ ਨਾਨਕੁ ਕਹੈ = ਨਾਨਕ ਆਖਦਾ ਹੈ। ਸਾਚੁ = ਸਦਾ-ਥਿਰ ਨਾਮ। ਸਚੁ = ਸਦਾ-ਥਿਰ ਨਾਮ। ਸਚਿ = ਸਦਾ-ਥਿਰ ਨਾਮ ਵਿਚ। ਸਮਾਹਾ = ਮੈਂ ਸਮਾਇਆ ਰਹਾਂ ॥੧੬॥੧॥੧੦॥