ਗਉੜੀ ਮਹਲਾ ੧ ॥
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
By Guru's Grace, one comes to understand, and then, the account is settled.
(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ, ਬੂਝਿ ਲੇ = ਸਮਝ ਲੈ। ਤਉ = ਤਦੋਂ। ਨਿਬੇਰਾ = ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ।
ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥
In each and every heart is the Name of the Immaculate Lord; He is my Lord and Master. ||1||
ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ ॥੧॥ ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਠਾਕੁਰੁ = ਪਾਲਣਹਾਰ, ਮਾਲਕ ॥੧॥
ਬਿਨੁ ਗੁਰਸਬਦ ਨ ਛੂਟੀਐ ਦੇਖਹੁ ਵੀਚਾਰਾ ॥
Without the Word of the Guru's Shabad, no one is emancipated. See this, and reflect upon it.
(ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਨ ਛੂਟੀਐ = (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ।
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥
Even though you may perform hundreds of thousands of rituals, without the Guru, there is only darkness. ||1||Pause||
(ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ॥੧॥ ਰਹਾਉ ॥ ਜੇ ਕਮਾਵਹੀ = ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰਾ = ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ ॥੧॥ ਰਹਾਉ ॥
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
What can you say, to one who is blind and without wisdom?
ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਅਕਲੀ ਬਾਹਰੇ = ਅਕਲੋਂ ਖ਼ਾਲੀ। ਕਿਆ.......ਕਹੀਐ = ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ।
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥
Without the Guru, the Path cannot be seen. How can anyone proceed? ||2||
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ ॥੨॥ ਪੰਥੁ = (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ ॥੨॥
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
He calls the counterfeit genuine, and does not know the value of the genuine.
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਕਹੈ = ਆਖਦਾ ਹੈ। ਸਾਰ = ਕਦਰ, ਕੀਮਤ।
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
The blind man is known as an appraiser; this Dark Age of Kali Yuga is so strange! ||3||
ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ-ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ ॥੩॥ ਪਾਰਖੂ = ਸਿਆਣਾ। ਵਿਡਾਣੈ = ਅਸਚਰਜ ਦਾ। ਕਲੀ ਕਾਲ ਵਿਡਾਣੈ = ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ: ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ। ਮਾਇਆ-ਮੋਹੇ ਜਗਤ ਦਾ ਜ਼ਿਕਰ ਹੈ। ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿਚ ਆਉਣ ਕਰਕੇ ਆਪ ਲਫ਼ਜ਼ 'ਜਗਤ' ਦੇ ਥਾਂ 'ਕਲੀ ਕਾਲ' ਵਰਤ ਰਹੇ ਹਨ} ॥੩॥
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥
The sleeper is said to be awake, and those who are awake are like sleepers.
ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ। ਸੂਤੇ ਕਉ = (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ। ਜਾਗਤੁ = ਸੁਚੇਤ। ਜਾਗਤ ਕਉ = ਉਸ ਨੂੰ ਜੋ ਪ੍ਰਭੂ-ਨਾਮ ਵਿਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ।
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
The living are said to be dead, and no one mourns for those who have died. ||4||
ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ ॥੪॥ ਮੂਆ = ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ ॥੪॥
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
One who is coming is said to be going, and one who is gone is said to have come.
ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ।
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥
That which belongs to others, he calls his own, but he has no liking for that which is his. ||5||
ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ॥੫॥ ਪਰ ਕੀ ਕਉ = ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ। ਭਾਇਆ = ਚੰਗਾ ਲੱਗਾ ॥੫॥
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
That which is sweet is said to be bitter, and the bitter is said to be sweet.
ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ।
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥
One who is imbued with the Lord's Love is slandered - this is what I have seen in this Dark Age of Kali Yuga. ||6||
ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ ॥੬॥ ਰਾਤੇ ਕੀ = ਨਾਮ-ਰੰਗ ਵਿਚ ਰੰਗੇ ਹੋਏ ਦੀ। ਕਰਹਿ = ਕਰਦੇ ਹਨ। ਕਲਿ ਮਹਿ = ਜਗਤ ਵਿਚ ॥੬॥
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
He serves the maid, and does not see his Lord and Master.
ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ। ਚੇਰੀ = ਪਰਮਾਤਮਾ ਦੀ ਦਾਸੀ, ਮਾਇਆ। ਦੀਸੈ = ਦਿੱਸਦਾ।
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
Churning the water in the pond, no butter is produced. ||7||
(ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ)। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ ॥੭॥ ਪੋਖਰੁ = ਛੱਪੜ। ਨੀਰੁ = ਪਾਣੀ। ਵਿਰੋਲੀਐ = ਜੇ ਰਿੜਕੀਏ। ਨਹੀ ਰੀਸੈ = ਨਹੀਂ ਨਿਕਲਦਾ ॥੭॥
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
One who understands the meaning of this verse is my Guru.
ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ। ਪਦ = ਆਤਮਕ ਦਰਜਾ। ਅਰਥਾਇ ਲੇਇ = ਜਤਨ ਨਾਲ ਪ੍ਰਾਪਤ ਕਰ ਲਏ।
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥
O Nanak, one who knows his own self, is infinite and incomparable. ||8||
ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੮॥ ਚੀਨੈ = ਪਰਖੇ, ਪਛਾਣੇ। ਅਪਰ = ਮਾਇਆ ਦੇ ਪ੍ਰਭਾਵ ਤੋਂ ਪਰੇ। ਅਪਾਰਾ = ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ ॥੮॥
ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
He Himself is All-pervading; He Himself misleads the people.
(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ। ਸਭੁ = ਹਰ ਥਾਂ। ਆਪੇ = (ਪ੍ਰਭੂ) ਆਪ ਹੀ। ਭਰਮਾਇਆ = ਭੁਲੇਖੇ ਵਿਚ ਪਾਇਆ।
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥
By Guru's Grace, one comes to understand, that God is contained in all. ||9||2||18||
ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ॥੯॥੨॥੧੮॥ ਤੇ = ਤੋਂ, ਨਾਲ ॥੯॥