ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ॥
Raag Bilaaval, Fifth Mehl, Dho-Padhay, Eighth House:
ਰਾਗ ਬਿਲਾਵਲੁ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
I am nothing, God; everything is Yours.
ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ। ਪ੍ਰਭ = ਹੇ ਪ੍ਰਭੂ! ਸਭੁ ਕਿਛੁ = ਹਰੇਕ ਚੀਜ਼।
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥
In this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||
ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ। ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ॥੧॥ ਰਹਾਉ ॥ ਈਘੈ = ਇਕ ਪਾਸੇ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਊਘੈ = ਦੂਜੇ ਪਾਸੇ। ਸਰਗੁਨ = ਮਾਇਆ ਦੇ ਤਿੰਨ ਗੁਣਾਂ ਸੰਯੁਕਤ। ਕੇਲ = ਜਗਤ-ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ ॥੧॥ ਰਹਾਉ ॥
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥
You exist within the city, and beyond it as well; O my God, You are everywhere.
ਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ। ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ। ਨਗਰ = ਸਰੀਰ। ਫੁਨਿ = ਫਿਰ, ਭੀ। ਆਪਨ = ਆਪ ਹੀ। ਕੋ = ਦਾ। ਸਗਲ = ਸਭਨਾਂ ਵਿਚ।
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥
You Yourself are the King, and You Yourself are the subject. In one place, You are the Lord and Master, and in another place, You are the slave. ||1||
ਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ। ਕਿਤੇ ਮਾਲਕ ਬਣਿਆ ਹੋਇਆ ਹੈ। ਕਿਤੇ ਸੇਵਕ ਬਣਿਆ ਹੋਇਆ ਹੈ ॥੧॥ ਰਾਜਨ = ਰਾਜਾ, ਪਾਤਿਸ਼ਾਹ। ਰਾਇਆ = ਰਿਆਇਆ, ਰਈਅਤ। ਕਹ ਕਹ = ਕਿਤੇ ਕਿਤੇ। ਠਾਕੁਰੁ = ਮਾਲਕ। ਚੇਰਾ = ਨੌਕਰ ॥੧॥
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥
From whom should I hide? Whom should I try to deceive? Wherever I look, I see Him near at hand.
ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ। (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ)। ਕਾ ਕਉ = ਕਿਸ ਪਾਸੋਂ? ਦੁਰਾਉ = ਲੁਕਾਉ, ਉਹਲਾ। ਕਾ ਸਿਉ = ਕਿਸ ਨਾਲ? ਬਲਬੰਚਾ = ਵਲ-ਛਲ, ਠੱਗੀ। ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ ਤਹ = ਉਥੇ ਉਥੇ। ਨੇਰਾ = ਨੇੜੇ।
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥
I have met with Guru Nanak, the Embodiment of the Holy Saints. When the drop of water merges into the ocean, it cannot be distinguished as separate again. ||2||1||117||
ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ॥੨॥੧॥੧੧੭॥ ਸਾਧ ਮੂਰਤਿ = ਪਵਿੱਤਰ ਹਸਤੀ ਵਾਲਾ {साधु = Virtuous}। ਭੇਟਿਓ = ਮਿਲਿਆ। ਮਿਲਿ ਸਾਗਰ = ਸਮੁੰਦਰ ਨੂੰ ਮਿਲ ਕੇ। ਅਨ = {अन्य} ਹੋਰ, ਵੱਖਰੀ। ਹੇਰਾ = ਵੇਖੀ ਜਾਂਦੀ ॥੨॥੧॥੧੧੭॥