ਪਉੜੀ ॥
Pauree:
ਪਉੜੀ।
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
He Himself does, and causes all to be done. Unto whom can I complain?
ਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ, ਇਸ ਅਗਨਿ, ਵਾਦੁ, ਭੁੱਖ, ਤ੍ਰੇਹ, ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ। ਹਉ = ਮੈਂ। ਕੈ ਸਿਉ = ਕਿਸ ਦੇ ਪਾਸ? ਪੁਕਾਰ = ਫ਼ਰੀਆਦ।
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥
He Himself calls the mortal beings to account; He Himself causes them to act.
(ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ।
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥
Whatever pleases Him happens. Only a fool issues commands.
ਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਗਾਵਾਰੁ = ਮੂਰਖ। ਥੀਐ = ਹੁੰਦਾ ਹੈ। ਭਾਵੈ = ਚੰਗਾ ਲੱਗਦਾ ਹੈ।
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥
He Himself saves and redeems; He Himself is the Forgiver.
(ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ, ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ।
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥
He Himself sees, and He Himself hears; He gives His Support to all.
ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ, ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ। ਸਭਸੈ = ਸਭਨਾਂ ਨੂੰ। ਆਪੇ = ਆਪ ਹੀ। ਆਧਾਰੁ = ਆਸਰਾ।
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥
He alone is pervading and permeating all; He considers each and every one.
ਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। (ਨੋਟ: ਲਫ਼ਜ਼ 'ਆਪਿ' ਤੇ 'ਆਪੁ' ਦਾ ਫ਼ਰਕ ਸਮਝਣ-ਯੋਗ ਹੈ।
ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥
The Gurmukh reflects on the self, lovingly attached to the True Lord.
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ। ਆਪੁ = ਆਪਣੇ ਆਪ ਨੂੰ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।
ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥
O Nanak, whom can we ask? He Himself is the Great Giver. ||10||
ਪਰ, ਹੇ ਨਾਨਕ! ਇਹ ਦਾਤ ਉਹ ਆਪ ਹੀ ਦੇਂਦਾ ਹੈ, ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ॥੧੦॥