ਗਉੜੀ ੧੩

Gauree 13:

ਗਉੜੀ। ੧੩ = 'ਘਰ' ਤੇਰ੍ਹਵਾਂ।

ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਕਰਤ ਬੀਚਾਰ

Your Command is upon my head, and I no longer question it.

(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ। ਫੁਰਮਾਨੁ = ਹੁਕਮ। ਸਿਰੈ ਊਪਰਿ = ਸਿਰ ਉੱਤੇ ਹੀ, ਸਦਾ ਸਿਰ-ਮੱਥੇ ਤੇ। ਫਿਰਿ = ਫਿਰ ਕੇ, ਉਲਟ ਕੇ, ਉਸ ਦੇ ਉਲਟ।

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥

You are the river, and You are the boatman; salvation comes from You. ||1||

ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥ ਦਰੀਆ = (ਭਾਵ,) ਸੰਸਾਰ-ਸਮੁੰਦਰ। ਕਰੀਆ = ਮਲਾਹ। ਤੁਝੈ ਤੇ = ਤੈਥੋਂ ਹੀ। ਨਿਸਤਾਰ = ਪਾਰ-ਉਤਾਰਾ, ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਅ ॥੧॥

ਬੰਦੇ ਬੰਦਗੀ ਇਕਤੀਆਰ

O human being, embrace the Lord's meditation,

ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ, ਬੰਦੇ = ਹੇ ਬੰਦੇ! ਇਕਤੀਆਰ = ਇਖ਼ਤਿਆਰ ਕਰ, ਕਬੂਲ ਕਰ।

ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ

whether your Lord and Master is angry with you or in love with you. ||1||Pause||

(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥ ਧਰਉ = {ਵਿਆਕਰਣ ਅਨੁਸਾਰ ਇਹ ਲਫ਼ਜ਼ "ਹੁਕਮੀ ਭਵਿਖਤ" Imperative mood, ਅੰਨ ਪੁਰਖ, ਇਕ-ਵਚਨ ਹੈ; ਵੇਖੋ 'ਗੁਰਬਾਣੀ ਵਿਆਕਰਣ' ਦਾ ਅੰਕ "ਹੁਕਮੀ ਭਵਿਖਤ"} ਭਾਵੇਂ ਧਰੇ, ਬੇਸ਼ੱਕ ਧਰੇ। ਕਿ = ਜਾਂ। ਰੋਸੁ = ਗੁੱਸਾ ॥੧॥ ਰਹਾਉ ॥

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ

Your Name is my Support, like the flower blossoming in the water.

(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)। ਆਧਾਰੁ = ਆਸਰਾ। ਜਈ ਹੈ = ਜੀਊ ਪੈਂਦਾ ਹੈ, ਖਿੜ ਪੈਂਦਾ ਹੈ। ਨਾਰਿ = ਨਾਰ ਵਿਚ, ਪਾਣੀ ਵਿਚ {ਸੰ: आपो नारा हति प्रोक्ता। ਲਫ਼ਜ਼ "ਨਰਾਇਣ" ਸੰ: नारायन ਭੀ ਲਫ਼ਜ਼ 'ਨਾਰ' ਅਤੇ 'ਅਯਨ' ਤੋਂ ਬਣਿਆ ਹੈ; ਨਾਰ = ਜਲ; ਅਯਨ = ਘਰ; ਜਿਸ ਦਾ ਘਰ ਜਲ ਵਿਚ ਹੈ}।

ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥

Says Kabeer, I am the slave of Your home; I live or die as You will. ||2||18||69||

ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥ ਜੀਆਇ = ਜਿਵਾਲ, ਜ਼ਿੰਦਾ ਰੱਖ। ਭਾਵੈ = ਭਾਵੇਂ, ਚਾਹੇ। ❀ ਨੋਟ: "ਫੂਲੁ ਜਈ ਹੈ" ਦਾ ਇਕੱਠਾ ਅਰਥ "ਫੁੱਲ ਜਾਂਦੀ ਹੈ" ਗ਼ਲਤ ਹੈ, ਕਿਉਂਕਿ ਲਫ਼ਜ਼ "ਫੂਲੁ" ਵਿਆਕਰਣ ਅਨੁਸਾਰ 'ਨਾਂਵ' (Noun) ਹੈ, ਕ੍ਰਿਆ (Verb) ਨਹੀਂ ॥੨॥੧੮॥੬੯॥