ਵਡਹੰਸੁ ਮਹਲਾ ੩ ਮਹਲਾ ਤੀਜਾ ॥
Wadahans, Third Mehl:
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥
Praise God, the True Lord; He is all-powerful to do all things.
ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ। ਸਚੜਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਕਰਣੈ ਜੋਗ = ਕਰਨ ਦੀ ਸਮਰੱਥਾ ਰੱਖਣ ਵਾਲਾ।
ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥
The soul-bride shall never be a widow, and she shall never have to endure suffering.
ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਸਾ ਧਨ = ਜੀਵ-ਇਸਤ੍ਰੀ। ਨ ਬੈਸਈ = ਨ ਬੈਸੈ, ਨਹੀਂ ਬੈਠਦੀ। ਸੋਗੁ = ਗ਼ਮ।
ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥
She shall never suffer - night and day, she enjoys pleasures; that soul-bride merges in the Mansion of her Lord's Presence.
ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਮਹਲਿ = ਪਰਮਾਤਮਾ ਦੀ ਹਜ਼ੂਰੀ ਵਿਚ।
ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
She knows her Beloved, the Architect of karma, and she speaks words of ambrosial sweetness.
ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਹ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਪ੍ਰਿਉ ਜਾਤਾ = ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਕਰਮ ਬਿਧਾਤਾ = ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥
The virtuous soul-brides dwell on the Lord's virtues; they keep their Husband Lord in their remembrance, and so they never suffer separation from Him.
ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਸਾਰਹਿ = ਸੰਭਾਲਦੀਆਂ ਹਨ। ਸਮਾਲਹਿ = ਹਿਰਦੇ ਵਿਚ ਵਸਾਂਦੀਆਂ ਹਨ। ਵਿਜੋਗੋ = ਵਿਛੋੜਾ।
ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
So praise your True Husband Lord, who is all-powerful to do all things. ||1||
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧॥
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥
The True Lord and Master is realized through the Word of His Shabad; He blends all with Himself.
ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜਿਆਂ)। ਆਪੇ = ਆਪ ਹੀ।
ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥
That soul-bride is imbued with the Love of her Husband Lord, who banishes her self-conceit from within.
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ। ਸਾ ਧਨ = ਜੀਵ-ਇਸਤ੍ਰੀ। ਪ੍ਰਿਅ ਕੈ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ। ਆਪੁ = ਆਪਾ-ਭਾਵ।
ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥
Eradicating her ego from within herself, death shall not consume her again; as Gurmukh, she knows the One Lord God.
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ ਜਾਣਦੀ ਹੈ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਗੁਰਮੁਖਿ = ਗੁਰੂ ਦੀ ਰਾਹੀਂ। ਏਕੋ = ਇਕ ਪਰਮਾਤਮਾ ਨੂੰ ਹੀ।
ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥
The desire of the soul-bride is fulfilled; deep within herself, she is drenched in His Love. She meets the Great Giver, the Life of the World.
ਉਸ ਜੀਵ-ਇਸਤ੍ਰੀ ਦੀ (ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਕਾਮਣਿ ਇਛ = ਜੀਵ-ਇਸਤ੍ਰੀ ਦੀ ਇੱਛਾ। ਪੁੰਨੀ = ਪੂਰੀ ਹੋ ਜਾਂਦੀ ਹੈ। ਭਿੰਨੀ = ਭਿੱਜ ਜਾਂਦੀ ਹੈ।
ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥
Imbued with love for the Shabad, she is like a youth intoxicated; she merges into the very being of her Husband Lord.
ਜੇਹੜੀ (ਜੀਵ-ਇਸਤ੍ਰੀ) ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ। ਜੋਬਨਿ = (ਨਾਮ ਦੇ) ਜੋਬਨ ਵਿਚ। ਮਾਤੀ = ਮਸਤ। ਅੰਕਿ = ਅੰਕ ਵਿਚ, ਗੋਦ ਵਿਚ।
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥
The True Lord Master is realized through the Word of His Shabad. He blends all with Himself. ||2||
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥
Those who have realized their Husband Lord - I go and ask those Saints about Him.
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ। ਜਿਨੀ = ਜਿਨ੍ਹਾਂ ਨੇ। ਕੰਤੁ = ਖਮਸ = ਪ੍ਰਭੂ। ਹਉ = ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਜਾਏ = ਜਾਇ, ਜਾ ਕੇ।
ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
Renouncing ego, I serve them; thus I meet my True Husband Lord, with intuitive ease.
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ। ਆਪੁ = ਆਪਾ-ਭਾਵ। ਕਰੀ = ਕਰੀਂ, ਮੈਂ ਕਰਦਾ ਹਾਂ। ਸਚੜਾ = ਸਦਾ ਕਾਇਮ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਪਿਆਰ ਨਾਲ।
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥
The True Husband Lord comes to meet the soul-bride who practices Truth, and is imbued with the True Word of the Shabad.
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ। ਆਏ = ਆਇ, ਆ ਕੇ। ਸਾਚੁ = ਸਦਾ-ਥਿਰ ਹਰਿ-ਨਾਮ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਸਬਦਿ = ਸ਼ਬਦ ਵਿਚ। ਧਨ = ਜੀਵ-ਇਸਤ੍ਰੀ।
ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥
She shall never become a widow; she shall always be a happy bride. Deep within herself, she dwells in the celestial bliss of Samaadhi.
ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥
Her Husband Lord is fully pervading everywhere; beholding Him ever-present, she enjoys His Love, with intuitive ease.
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ। ਭਰਪੂਰੇ = ਹਰ ਥਾਂ ਵਿਆਪਕ। ਹਦੂਰੇ = ਅੰਗ-ਸੰਗ। ਮਾਣੇ = ਮਾਣਿ।
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥
Those who have realized their Husband Lord - I go and ask those Saints about Him. ||3||
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥
The separated ones also meet with their Husband Lord, if they fall at the Feet of the True Guru.
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ। ਪਿਰਹੁ = ਪਿਰ ਤੋਂ, ਪ੍ਰਭੂ-ਪਤੀ ਤੋਂ। ਭੀ = ਮੁੜ ਭੀ। ਮਿਲਹ = ਅਸੀਂ ਮਿਲ ਸਕਦੀਆਂ ਹਾਂ। ਜੇ ਲਾਗਹ = ਜੇ ਅਸੀਂ ਲੱਗੀਏ। ਸਾਚੇ ਸਤਿਗੁਰ ਪਾਏ = ਸੱਚੇ ਗੁਰੂ ਦੀ ਚਰਨੀਂ।
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
The True Guru is forever merciful; through the Word of His Shabad, demerits are burnt away.
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ। ਸਬਦਿ = ਸ਼ਬਦ ਵਿਚ (ਜੋੜ ਕੇ)।
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
Burning away her demerits through the Shabad, the soul-bride eradicates her love of duality, and remains absorbed in the True, True Lord.
(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ। ਦੂਜਾ ਭਾਉ = ਮਾਇਆ ਦਾ ਪਿਆਰ। ਸਚੇ ਹੀ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ। ਰਾਤੀ = ਮਸਤ।
ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
Through the True Shabad, everlasting peace is obtained, and egotism and doubt are dispelled.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ। ਭਰਾਤੀ = ਭਟਕਣਾ।
ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
The Immaculate Husband Lord is forever the Giver of peace; O Nanak, through the Word of His Shabad, He is met.
ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ। ਨਿਰਮਾਇਲੁ = ਪਵਿਤ੍ਰ ।
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
The separated ones also meet with their Husband Lord, if they fall at the feet of the True Guru. ||4||1||
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥