ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥
By His Grace, you listen to the sound current of the Naad.
ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ), ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ)। ਨਾਦ = (ਰਸੀਲੀ) ਆਵਾਜ਼।
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
By His Grace, you behold amazing wonders.
ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ; ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ)।
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥
By His Grace, you speak ambrosial words with your tongue.
ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ, ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ)।
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
By His Grace, you abide in peace and ease.
ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ; ਸਹਜੇ = ਸੁਭਾਵਕ ਹੀ।
ਜਿਹ ਪ੍ਰਸਾਦਿ ਹਸਤ ਕਰ ਚਲਹਿ ॥
By His Grace, your hands move and work.
ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ, ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ।
ਜਿਹ ਪ੍ਰਸਾਦਿ ਸੰਪੂਰਨ ਫਲਹਿ ॥
By His Grace, you are completely fulfilled.
ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ; ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ।
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥
By His Grace, you obtain the supreme status.
ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
By His Grace, you are absorbed into celestial peace.
ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ; ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ।
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥
Why forsake God, and attach yourself to another?
ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ? ਅਵਰ ਕਤ = ਹੋਰ ਕਿਥੇ?
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥
By Guru's Grace, O Nanak, awaken your mind! ||6||
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥ ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ ॥੬॥