ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
All things are received if the One is obtained.
ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ)। ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ।
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
The precious gift of this human life becomes fruitful when one chants the True Word of the Shabad.
ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਸਚਾ = ਸਦਾ-ਥਿਰ ਰਹਿਣ ਵਾਲਾ। ਕਥਿ = ਕਥੀਂ, ਮੈਂ ਉਚਾਰਾਂ।
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥
One who has such destiny written on his forehead enters the Mansion of the Lord's Presence, through the Guru. ||1||
(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥ ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ॥੧॥
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
O my mind, focus your consciousness on the One.
ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤ ਜੋੜ। ਏਕਸ ਸਿਉ = ਸਿਰਫ਼ ਇੱਕ ਨਾਲ।
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
Without the One, all entanglements are worthless; emotional attachment to Maya is totally false. ||1||Pause||
ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ ॥੧॥ ਰਹਾਉ ॥ ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ॥੧॥ਰਹਾਉ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
Hundreds of thousands of princely pleasures are enjoyed, if the True Guru bestows His Glance of Grace.
ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ। ਨਦਰਿ = ਮਿਹਰ ਦੀ ਨਿਗਾਹ।
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
If He bestows the Name of the Lord, for even a moment, my mind and body are cooled and soothed.
(ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ)। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ।
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
Those who have such pre-ordained destiny hold tight to the Feet of the True Guru. ||2||
ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ), ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ॥੨॥ ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ॥੨॥
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
Fruitful is that moment, and fruitful is that time, when one is in love with the True Lord.
ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਮੂਰਤੁ = {मुहुर्त} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ।
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
Suffering and sorrow do not touch those who have the Support of the Name of the Lord.
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ। ਲਗਈ = ਲਗਏ, ਲੱਗੇ। ਅਧਾਰੁ = ਆਸਰਾ।
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
Grasping him by the arm, the Guru lifts them up and out, and carries them across to the other side. ||3||
ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ ॥੩॥ ਗੁਰਿ = ਗੁਰੂ ਨੇ॥੩॥
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
Embellished and immaculate is that place where the Saints gather together.
(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ। ਸੰਤ ਸਭਾ = ਸਾਧ ਸੰਗਤਿ।
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
He alone finds shelter, who has met the Perfect Guru.
(ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ। ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ।
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
Nanak builds his house upon that site where there is no death, no birth, and no old age. ||4||6||76||
ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ॥੪॥੬॥੭੬॥ ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ॥੪॥