ਰਾਗੁ ਗਉੜੀ ਪੂਰਬੀ ਮਹਲਾ ੫ ॥
Raag Gauree Poorbee, Fifth Mehl:
ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
Listen, my friends, I beg of you: now is the time to serve the Saints!
ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ।
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
In this world, earn the profit of the Lord's Name, and hereafter, you shall dwell in peace. ||1||
(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿਚ ਰਹਿਣਾ ਸੌਖਾ ਹੋ ਜਾਇਗਾ ॥੧॥ ਈਹਾ = ਇਥੇ, ਇਸ ਜਨਮ ਵਿਚ। ਖਾਟਿ = ਖੱਟ ਕੇ। ਲਾਹਾ = ਲਾਭ, ਖੱਟੀ। ਆਗੈ = ਪਰਲੋਕ ਵਿਚ। ਬਸਨੁ = ਵੱਸਣਾ, ਵਸੋਂ। ਸੁਹੇਲਾ = ਸੌਖਾ॥੧॥
ਅਉਧ ਘਟੈ ਦਿਨਸੁ ਰੈਣਾਰੇ ॥
This life is diminishing, day and night.
ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਅਉਧ = ਉਮਰ। ਰੈਣਾ = ਰਾਤ।
ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
Meeting with the Guru, your affairs shall be resolved. ||1||Pause||
ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ ॥੧॥ ਰਹਾਉ ॥ ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ, ਸਵਾਰ ਲੈ॥੧॥ਰਹਾਉ॥
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
This world is engrossed in corruption and cynicism. Only those who know God are saved.
ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। ਬਿਕਾਰ = ਵਿਕਾਰ-ਰੂਪ, ਵਿਕਾਰਾਂ ਨਾਲ ਭਰਿਆ ਹੋਇਆ। ਸੰਸੇ ਮਹਿ = ਸਹਿੰਸਿਆਂ ਵਿਚ, ਤੌਖ਼ਲਿਆਂ ਵਿਚ।
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
Only those who are awakened by the Lord to drink in this Sublime Essence, come to know the Unspoken Speech of the Lord. ||2||
(ਵਿਕਾਰਾਂ ਵਿਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ ॥੨॥ ਜਿਸਹਿ = ਜਿਸ ਮਨੁੱਖ ਨੂੰ। ਜਗਾਇ = ਜਗਾ ਕੇ। ਪੀਆਵੈ = ਪਿਲਾਂਦਾ ਹੈ। ਤਿਨਿ = ਉਸ ਨੇ॥੨॥
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
Purchase only that for which you have come into the world, and through the Guru, the Lord shall dwell within your mind.
(ਹੇ ਭਾਈ!) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿਚ ਵੱਸ ਸਕਦਾ ਹੈ। ਜਾ ਕਉ = ਜਿਸ (ਮਨੋਰਥ) ਵਾਸਤੇ। ਬਿਹਾਝਹੁ = ਖ਼ਰੀਦੋ, ਵਣਜ ਕਰੋ। ਤੇ = ਤੋਂ, ਦੀ ਰਾਹੀਂ। ਮਨਹਿ = ਮਨ ਵਿਚ ਹੀ।
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ॥੩॥
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
O Inner-knower, Searcher of Hearts, O Primal Being, Architect of Destiny: please fulfill this yearning of my mind.
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ-ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ। ਅੰਤਰਜਾਮੀ = ਹੇ ਦਿਲਾਂ ਦੀ ਜਾਣਨ ਵਾਲੇ! ਪੁਰਖ = ਹੇ ਸਭ ਵਿਚ ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਪੂਰੇ = ਪੂਰਿ, ਪੂਰੀ ਕਰ।
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
Nanak, Your slave, begs for this happiness: let me be the dust of the feet of the Saints. ||4||5||
ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥ ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ॥੪॥