ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥
I gather in and collect the immaculate wealth of the Naam; this commodity is inaccessible and incomparable.
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਸੰਚਨਿ ਕਰਉ = (ਕਰਉਂ) ਮੈਂ ਇਕੱਠਾ ਕਰਦਾ ਹਾਂ। ਨਾਮ ਧਨੁ ਨਿਰਮਲ = ਨਿਰਮਲ ਨਾਮ ਧਨੁ, ਪ੍ਰਭੂ ਦੇ ਪਵਿਤ੍ਰ ਨਾਮ ਦਾ ਧਨ। ਥਾਤੀ = {स्थिति} ਟਿਕਾਉ। ਅਗਮ = ਅਪਹੁੰਚ। ਅਪਾਰ = ਬੇਅੰਤ।
ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥
Revel in it, delight in it, be happy and enjoy peace, and live long, O Sikhs and brethren. ||1||
ਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥ ਬਿਲਛਿ = {विलस्य} ਪ੍ਰਸੰਨ ਹੋ ਕੇ। ਬਿਨੋਦ = (ਆਤਮਕ) ਚੋਜ ਤਮਾਸ਼ੇ। ਜੀਵਹੁ = ਆਤਮਕ ਜੀਵਨ ਪ੍ਰਾਪਤ ਕਰੋ। ਸਿਖ ਪਰਵਾਰ = ਹੇ (ਗੁਰੂ ਕੇ) ਸਿੱਖ-ਪਰਵਾਰ ॥੧॥
ਹਰਿ ਕੇ ਚਰਨ ਕਮਲ ਆਧਾਰ ॥
I have the support of the Lotus Feet of the Lord.
(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)। ਆਧਾਰ = ਆਸਰਾ।
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥
By the Grace of the Saints, I have found the boat of Truth; embarking on it, I sail across the ocean of poison. ||1||Pause||
ਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ ॥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਚ = ਸਦਾ ਕਾਇਮ ਰਹਿਣ ਵਾਲਾ। ਬੋਹਿਥੁ = ਜਹਾਜ਼। ਚੜਿ = ਚੜ੍ਹ ਕੇ। ਲੰਘਉ = ਲੰਘਉਂ, ਮੈਂ ਲੰਘਦਾ ਹਾਂ। ਬਿਖੁ = ਜ਼ਹਿਰ ॥੧॥ ਰਹਾਉ ॥
ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥
The perfect, imperishable Lord has become merciful; He Himself has taken care of me.
ਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ। ਆਪਹਿ = ਆਪ ਹੀ। ਸਾਰ = ਸੰਭਾਲ।
ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥
Beholding, beholding His Vision, Nanak has blossomed forth in ecstasy. O Nanak, He is beyond estimation. ||2||10||38||
ਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥ ਪੇਖਿ = ਵੇਖ ਕੇ। ਨਾਨਕੁ ਬਿਗਸਨੋ = ਨਾਨਕ ਖ਼ੁਸ਼ ਹੋ ਰਿਹਾ ਹੈ। ਨਾਨਕ = ਹੇ ਨਾਨਕ! ਸੁਮਾਰ = ਮਿਣਤੀ, ਹੱਦ ॥੨॥੧੦॥੩੮॥