ਭੈਰਉ ਮਹਲਾ ੫ ॥

Bhairao, Fifth Mehl:

ਭੈਰਉ ਪੰਜਵੀਂ ਪਾਤਿਸ਼ਾਹੀ।

ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥

He created the soul, the breath of life and the body.

ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ, ਜੀਉ = ਜਿੰਦ। ਜਿਨਿ = ਜਿਸ (ਪਰਮਾਤਮਾ) ਨੇ। ਰਚਿਓ = ਬਣਾਇਆ ਹੈ।

ਜਿਨਹਿ ਉਪਾਏ ਤਿਸ ਕਉ ਪੀਰ ॥੧॥

He created all beings, and knows their pains. ||1||

ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ ॥੧॥ ਜਿਨਹਿ = ਜਿਨਿ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ (ਿ) ਉੱਡ ਗਈ ਹੈ}। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਪੀਰ = ਦਰਦ-ਸਨੇਹ ॥੧॥

ਗੁਰੁ ਗੋਬਿੰਦੁ ਜੀਅ ਕੈ ਕਾਮ ॥

The Guru, the Lord of the Universe, is the Helper of the soul.

ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ, ਜੀਅ ਕੈ ਕਾਮ = ਜਿੰਦ ਦੇ ਕੰਮ, ਜਿੰਦ ਵਾਸਤੇ ਲਾਭਦਾਇਕ।

ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥

Here and herafter, He always provides shade. ||1||Pause||

ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ ॥੧॥ ਰਹਾਉ ॥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਜਾ ਕੀ = ਜਿਸ (ਪਰਮਾਤਮਾ) ਦੀ। ਸਦ = ਸਦਾ। ਛਾਮ = ਛਾਂ, ਸਾਮ, ਆਸਰਾ ॥੧॥ ਰਹਾਉ ॥

ਪ੍ਰਭੁ ਆਰਾਧਨ ਨਿਰਮਲ ਰੀਤਿ ॥

Worship and adoration of God is the pure way of life.

ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤ ਵਿਚ ਪ੍ਰਾਪਤ ਹੁੰਦੀ ਹੈ)। ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਪਵਿੱਤਰ।

ਸਾਧਸੰਗਿ ਬਿਨਸੀ ਬਿਪਰੀਤਿ ॥੨॥

In the Saadh Sangat, the Company of the Holy, the love of duality vanishes. ||2||

ਸਾਧ ਸੰਗਤ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ॥੨॥ ਸੰਗਿ = ਸੰਗਤ ਵਿਚ। ਬਿਨਸੀ = ਨਾਸ ਹੋ ਜਾਂਦੀ ਹੈ। ਬਿਪਰੀਤਿ = (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ॥੨॥

ਮੀਤ ਹੀਤ ਧਨੁ ਨਹ ਪਾਰਣਾ ॥

Friends, well-wishers and wealth will not support you.

ਮਿੱਤਰ, ਹਿਤੂ, ਧਨ-ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ। ਹੀਤ = ਹਿਤੂ, ਸਨੇਹੀ। ਪਾਰਣਾ = ਪਰਨਾ, ਆਸਰਾ।

ਧੰਨਿ ਧੰਨਿ ਮੇਰੇ ਨਾਰਾਇਣਾ ॥੩॥

Blessed, blessed is my Lord. ||3||

ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ ॥੩॥ ਧੰਨਿ = ਸਲਾਹੁਣ-ਯੋਗ। ਨਾਰਾਇਣਾ = ਹੇ ਨਾਰਾਇਣ! ਹੇ ਪਰਮਾਤਮਾ! ॥੩॥

ਨਾਨਕੁ ਬੋਲੈ ਅੰਮ੍ਰਿਤ ਬਾਣੀ ॥

Nanak utters the Ambrosial Bani of the Lord.

ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ ਨਾਨਕੁ ਬੋਲੈ = ਨਾਨਕ ਬੋਲਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥

Except the One Lord, he does not know any other at all. ||4||6||

ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ ॥੪॥੬॥ ਜਾਣੀ = ਜਾਣਿ ॥੪॥੬॥