ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਆਸਾ ਘਰੁ ੭ ਮਹਲਾ ੫ ॥
Raag Aasaa, Seventh House, Fifth Mehl:
ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।
ਲਾਲੁ ਚੋਲਨਾ ਤੈ ਤਨਿ ਸੋਹਿਆ ॥
That red dress looks so beautiful on your body.
(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ। ਤੈ ਤਨਿ = ਤੇਰੇ ਸਰੀਰ ਉਤੇ। ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ।
ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥
Your Husband Lord is pleased, and His heart is enticed. ||1||
(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥ ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ। ਤਾਂ = ਤਾਂਹੀਏਂ। ਮੋਹਿਆ = ਮੋਹ ਲਿਆ ਹੈ ॥੧॥
ਕਵਨ ਬਨੀ ਰੀ ਤੇਰੀ ਲਾਲੀ ॥
Whose handiwork is this red beauty of yours?
ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ? ਕਵਨ = ਕਿਵੇਂ? ਰੀ = ਹੇ ਸਹੇਲੀ! ਲਾਲੀ = ਮੂੰਹ ਦੀ ਲਾਲੀ।
ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥
Whose love has rendered the poppy so red? ||1||Pause||
ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥ ਰੰਗਿ = ਰੰਗ ਨਾਲ। ਗੁਲਾਲੀ = ਗੂੜ੍ਹੇ ਰੰਗ ਵਾਲੀ ॥੧॥ ਰਹਾਉ ॥
ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥
You are so beautiful; you are the happy soul-bride.
ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ। ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ। ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ।
ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥
Your Beloved is in your home; good fortune is in your home. ||2||
(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥ ਤੁਮ ਘਰਿ = ਤੇਰੇ ਹਿਰਦੇ-ਘਰ ਵਿਚ। ਲਾਲਨੁ = ਪ੍ਰੀਤਮ-ਪ੍ਰਭੂ ॥੨॥
ਤੂੰ ਸਤਵੰਤੀ ਤੂੰ ਪਰਧਾਨਿ ॥
You are pure and chaste, you are most distinguished.
ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ। ਸਤਸੰਗੀ = ਉੱਚੇ ਆਚਰਨ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ।
ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥
You are pleasing to Your Beloved, and you have sublime understanding. ||3||
(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥ ਪ੍ਰੀਤਮ ਭਾਨੀ = ਪ੍ਰੀਤਮ-ਪ੍ਰਭੂ ਨੂੰ ਪਿਆਰੀ ਲੱਗੀ। ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ ॥੩॥
ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥
I am pleasing to my Beloved, and so I am imbued with the deep red color.
(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ। ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ।
ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥
Says Nanak, I have been totally blessed with the Lord's Glance of Grace. ||4||
ਨਾਨਕ ਆਖਦਾ ਹੈ- ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥ ਨਿਹਾਲ = ਵੇਖਿਆ, ਤੱਕਿਆ ॥੪॥
ਸੁਨਿ ਰੀ ਸਖੀ ਇਹ ਹਮਰੀ ਘਾਲ ॥
Listen, O companions: this is my only work;
(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ, ਘਾਲ = ਮੇਹਨਤ।
ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥
God Himself is the One who embellishes and adorns. ||1||Second Pause||1||52||
ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥ ਪ੍ਰਭ ਆਪਿ = ਪ੍ਰਭੂ ਨੇ ਆਪ ਹੀ। ਸੀਗਾਰਿ = ਸਿੰਗਾਰ ਕੇ, ਸਜਾ ਕੇ ॥੧॥ਰਹਾਉ ਦੂਜਾ॥੧॥੫੨॥