ਪ੍ਰਭਾਤੀ ਮਹਲਾ

Prabhaatee, Third Mehl:

ਪਰਭਾਤੀ ਤੀਜੀ ਪਾਤਿਸ਼ਾਹੀ।

ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ

The Gurmukhs praise the Lord; praising the Lord, they know Him.

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਲਾਹਿਆ = ਸਿਫ਼ਤ-ਸਾਲਾਹ ਕੀਤੀ। ਸਲਾਹਿ ਜਾਤਾ = ਸਿਫ਼ਤ-ਸਾਲਾਹ ਕਰਨ ਦੀ ਜਾਚ ਆਈ।

ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥

Doubt and duality are gone from within; they realize the Word of the Guru's Shabad. ||1||

ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥ ਭਰਮੁ ਦੂਜਾ = ਮਾਇਆ ਵਾਲੀ ਭਟਕਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥

ਹਰਿ ਜੀਉ ਤੂ ਮੇਰਾ ਇਕੁ ਸੋਈ

O Dear Lord, You are my One and Only.

ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ। ਸੋਈ = ਸਾਰ ਲੈਣ ਵਾਲਾ।

ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ

I meditate on You and praise You; salvation and wisdom come from You. ||1||Pause||

ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥ ਜਪੀ = ਜਪੀਂ, ਮੈਂ ਜਪਦਾ ਹਾਂ। ਤੁਧੈ = ਤੈਨੂੰ ਹੀ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਗਤਿ = ਉਚੀ ਆਤਮਕ ਅਵਸਥਾ। ਤੁਝ ਤੇ = ਤੇਰੇ ਪਾਸੋਂ ॥੧॥ ਰਹਾਉ ॥

ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ

The Gurmukhs praise You; they receive the most excellent and sweet Ambrosial Nectar.

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ। ਸਾਲਾਹਨਿ = ਸਲਾਹੁੰਦੇ ਹਨ (ਬਹੁ-ਵਚਨ)। ਸੇ = ਉਹ (ਬਹੁ-ਵਚਨ)। ਸਾਦੁ = ਸੁਆਦ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੁ = ਸ੍ਰੇਸ਼ਟ।

ਸਦਾ ਮੀਠਾ ਕਦੇ ਫੀਕਾ ਗੁਰਸਬਦੀ ਵੀਚਾਰੁ ॥੨॥

This Nectar is forever sweet; it never loses its taste. Contemplate the Word of the Guru's Shabad. ||2||

(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੨॥

ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ

He makes it seem so sweet to me; I am a sacrifice to Him.

ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ। ਜਿਨਿ = ਜਿਸ (ਪਰਮਾਤਮਾ) ਨੇ (ਇਕ-ਵਚਨ)। ਵਿਟਹੁ = ਤੋਂ। ਜਾਈ = ਜਾਈਂ, ਮੈਂ ਜਾਂਦਾ ਹਾਂ।

ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥

Through the Shabad, I praise the Giver of peace forever. I have eradicated self-conceit from within. ||3||

ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥ ਸਬਦਿ = ਸਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਈ = ਗਵਾਇ, ਦੂਰ ਕਰ ਕੇ ॥੩॥

ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ

My True Guru is forever the Giver. I receive whatever fruits and rewards I desire.

ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ। ਇਛੈ = ਮੰਗਦਾ ਹੈ (ਇਕ-ਵਚਨ)।

ਨਾਨਕ ਨਾਮੁ ਮਿਲੈ ਵਡਿਆਈ ਗੁਰਸਬਦੀ ਸਚੁ ਪਾਏ ॥੪॥੩॥

O Nanak, through the Naam, glorious greatness is obtained; through the Word of the Guru's Shabad, the True One is found. ||4||3||

ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥ ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ ॥੪॥੩॥