ਭੈਰਉ ਮਹਲਾ ੩ ॥
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥
Without the Guru, the world is insane; confused and deluded, it is beaten, and it suffers.
ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ, ਬਉਰਾਨਾ = ਕਮਲਾ, ਝੱਲਾ। ਭੂਲਾ = ਕੁਰਾਹੇ ਪਿਆ ਹੋਇਆ। ਖਾਈ = ਖਾਂਦਾ ਹੈ।
ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥
It dies and dies again, and is reborn, always in pain, but it is unaware of the Lord's Gate. ||1||
ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ॥੧॥ ਮਰਿ ਮਰਿ ਜੰਮੈ = ਮੁੜ ਮੁੜ ਮਰ ਕੇ ਜੰਮਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਦਰ ਕੀ = ਪਰਮਾਤਮਾ ਦੇ ਦਰ ਦੀ। ਖਬਰਿ = ਸੂਝ ॥੧॥
ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥
O my mind, remain always in the Protection of the True Guru's Sanctuary.
ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ। ਮਨ = ਹੇ ਮਨ!
ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰਸਬਦੇ ਭਵਜਲੁ ਤਰਣਾ ॥੧॥ ਰਹਾਉ ॥
Those people, to whose hearts the Lord's Name seems sweet, are carried across the terrifying world-ocean by the Word of the Guru's Shabad. ||1||Pause||
(ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥ ਹਿਰਦੈ = ਹਿਰਦੇ ਵਿਚ। ਸਦ = ਸਦਾ। ਸਬਦੇ = ਸ਼ਬਦ ਦੀ ਰਾਹੀਂ। ਭਵਜਲੁ = ਸੰਸਾਰ-ਸਮੁੰਦਰ ॥੧॥ ਰਹਾਉ ॥
ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥
The mortal wears various religious robes, but his consciousness is unsteady; deep within, he is filled with sexual desire, anger and egotism.
ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕ੍ਰੋਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ। ਡੋਲੈ = ਡੋਲਦਾ ਹੈ।
ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥
Deep within is the great thirst and immense hunger; he wanders from door to door. ||2||
ਉਸ ਦੇ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ॥੨॥ ਅੰਤਰਿ = (ਉਸ ਦੇ) ਅੰਦਰ। ਤਿਸਾ = ਤ੍ਰਿਸ਼ਨਾ। ਫਿਰੈ = ਫਿਰਦਾ ਹੈ। ਦਰ ਬਾਰੁ = (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਹੈ) ॥੨॥
ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥
Those who die in the Word of the Guru's Shabad are reborn; they find the door of liberation.
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ)। ਸਬਦਿ = ਸ਼ਬਦ ਦੀ ਰਾਹੀਂ। ਮਰਹਿ = ਮਰਦੇ ਹਨ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਰਦੇ ਹਨ। ਜੀਵਹਿ = ਆਤਮਕ ਜੀਵਨ ਹਾਸਲ ਕਰ ਲੈਂਦੇ ਹਨ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਦੁਆਰਿ = ਪ੍ਰਭੂ ਦੇ ਦਰ ਤੇ (ਪਹੁੰਚ)।
ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥
With constant peace and tranquility deep within, they enshrine the Lord within their hearts. ||3||
ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ ॥੩॥ ਉਰ = ਹਿਰਦਾ। ਧਾਰਿ = ਧਾਰ ਕੇ ॥੩॥
ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥
As it pleases Him, He inspires us to act. Nothing else can be done.
ਪਰ, (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ। ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ। ਚਲਾਵੈ = ਜੀਵਨ-ਰਾਹ ਤੇ ਤੋਰਦਾ ਹੈ।
ਨਾਨਕ ਗੁਰਮੁਖਿ ਸਬਦੁ ਸਮੑਾਲੇ ਰਾਮ ਨਾਮਿ ਵਡਿਆਈ ॥੪॥੮॥੧੮॥
O Nanak, the Gurmukh contemplates the Word of the Shabad, and is blessed with the glorious greatness of the Lord's Name. ||4||8||18||
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ॥੪॥੮॥੧੮॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਂਦਾ ਹੈ। ਨਾਮਿ = ਨਾਮ ਦੀ ਰਾਹੀਂ ॥੪॥੮॥੧੮॥