ਸਾਧ ਕੈ ਸੰਗਿ ਅਗੋਚਰੁ ਮਿਲੈ ॥
In the Company of the Holy, one meets the Incomprehensible Lord.
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ; ਗੋ = ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ। ਗੋਚਰ = (Skt. गोचर) ਸਰੀਰਕ ਇੰਦ੍ਰਿਆਂ ਦੀ ਪਹੁੰਚ। ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
ਸਾਧ ਕੈ ਸੰਗਿ ਸਦਾ ਪਰਫੁਲੈ ॥
In the Company of the Holy, one flourishes forever.
ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ। ਪਰਫੁਲੈ = ਖਿੜਦਾ ਹੈ।
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
In the Company of the Holy, the five passions are brought to rest.
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ, ਬਸਿ = ਕਾਬੂ ਵਿਚ। ਪੰਚ = ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
In the Company of the Holy, one enjoys the essence of ambrosia.
(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ। ਅੰਮ੍ਰਿਤ ਰਸੁ = ਨਾਮ ਰੂਪ ਅੰਮ੍ਰਿਤ ਦਾ ਸੁਆਦ। ਭੁੰਚਾ = ਚੱਖਿਆ।
ਸਾਧਸੰਗਿ ਹੋਇ ਸਭ ਕੀ ਰੇਨ ॥
In the Company of the Holy, one becomes the dust of all.
ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਰੇਨ = (ਚਰਨਾਂ ਦੀ) ਧੂੜ।
ਸਾਧ ਕੈ ਸੰਗਿ ਮਨੋਹਰ ਬੈਨ ॥
In the Company of the Holy, one's speech is enticing.
ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ। ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ। ਬੈਨ = ਬਚਨ, ਬੋਲ।
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
In the Company of the Holy, the mind does not wander.
ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ, ਕਤਹੂੰ = ਕਿਸੇ ਪਾਸੇ। ਧਾਵੈ = ਦੌੜਦਾ।
ਸਾਧਸੰਗਿ ਅਸਥਿਤਿ ਮਨੁ ਪਾਵੈ ॥
In the Company of the Holy, the mind becomes stable.
ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ। ਅਸਥਿਤਿ = (Skt. स्थिति) ਟਿਕਾਉ।
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
In the Company of the Holy, one is rid of Maya.
ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼।
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥
In the Company of the Holy, O Nanak, God is totally pleased. ||2||
ਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥