ਤਿਲੰਗ ਮਹਲਾ ੯ ॥
Tilang, Ninth Mehl:
ਤਿਲੰਕ ਨੌਵੀਂ ਪਾਤਿਸ਼ਾਹੀ।
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
Sing the Lord's Praises, O mind; He is your only true companion.
ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਜਸੁ = ਸਿਫ਼ਤਿ-ਸਾਲਾਹ। ਸੰਗੀ = ਸਾਥੀ।
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
Your time is passing away; listen carefully to what I say. ||1||Pause||
ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥ ਅਉਸਰੁ = (ਜ਼ਿੰਦਗੀ ਦਾ) ਸਮਾ। ਬੀਤਿਓ ਜਾਤੁ ਹੈ = ਲੰਘਦਾ ਜਾ ਰਿਹਾ ਹੈ। ਮੇਰੋ ਕਹਿਓ = ਮੇਰਾ ਆਖਿਆ, ਮੇਰਾ ਬਚਨ ॥੧॥ ਰਹਾਉ ॥
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
You are so in love with property, chariots, wealth and power.
ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ। ਸੰਪਤਿ = ਧਨ-ਪਦਾਰਥ। ਸਿਉ = ਨਾਲ। ਨੇਹੁ = ਪਿਆਰ।
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
When the noose of death tightens around your neck, they will all belong to others. ||1||
ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ ॥੧॥ ਫਾਸ = ਫਾਹੀ। ਜਬ = ਜਦੋਂ। ਗਲਿ = ਗਲ ਵਿਚ। ਪਰੀ = ਪੈਂਦੀ ਹੈ। ਸਭ = ਹਰੇਕ ਚੀਜ਼। ਪਰਾਇਓ = ਬਿਗਾਨੀ ॥੧॥
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
Know this well, O madman - you have ruined your affairs.
ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ। ਜਾਨਿ ਕੈ = ਜਾਣ ਕੇ, ਜਾਣਦਾ ਹੋਇਆ। ਬੂਝਿ ਕੈ = ਸਮਝ ਕੇ, ਸਮਝਦਾ ਹੋਇਆ। ਬਾਵਰੇ = ਹੇ ਝੱਲੇ! ਤੈ ਬਿਗਾਰਿਓ = ਤੂੰ ਵਿਗਾੜ ਲਿਆ ਹੈ। ਕਾਜੁ = ਕੰਮ।
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
You did not restrain yourself from committing sins, and you did not eradicate your ego. ||2||
ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ ॥੨॥ ਕਰਤ = ਕਰਦਾ। ਸੁਕਚਿਓ = ਸੰਗਦਾ। ਗਰਬੁ = ਅਹੰਕਾਰ। ਨਿਵਾਰਿਓ = ਦੂਰ ਕੀਤਾ ॥੨॥
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
So listen to the Teachings imparted by the Guru, O Siblings of Destiny.
ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ। ਜਿਹ ਬਿਧਿ = ਜਿਸ ਤਰੀਕੇ ਨਾਲ। ਗੁਰਿ = ਗੁਰੂ ਨੇ। ਰੇ = ਹੇ!
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
Nanak proclaims: hold tight to the Protection and the Sanctuary of God. ||3||3||
ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥ ਪੁਕਾਰਿ ਕੈ = ਉੱਚੀ ਬੋਲ ਕੇ। ਗਹੁ = ਫੜ। ਪ੍ਰਭ ਸਰਨਾਈ = ਪ੍ਰਭੂ ਦੀ ਸਰਨ ॥੩॥੩॥