ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥
Carry water for the Lord's slave, wave the fan over him, and grind his corn; then, you shall be happy.
ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਪੀਸੁ = ਪੀਸਣਾ, ਪੀਹਣਾ। ਦਾਸ ਕੈ = ਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁ = ਆਨੰਦ-ਭਰਪੂਰ।
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥
Burn in the fire your power, property and authority. ||1||
ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ॥੧॥ ਮਿਲਖ = ਭੂਇਂ (ਦੀ ਮਾਲਕੀ)। ਜਾਲੁ = ਸਾੜ ਦੇ ॥੧॥
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥
Grasp hold of the feet of the servant of the humble Saints.
ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। ਛੋਹਰਾ = ਮੁੰਡਾ, ਨੌਕਰ।
ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ ॥੧॥ ਰਹਾਉ ॥
Renounce and abandon the wealthy, the regal overlords and kings. ||1||Pause||
(ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ॥੧॥ ਰਹਾਉ ॥ ਛਤ੍ਰਪਤਿ = ਰਾਜੇ, ਛਤ੍ਰ ਦੇ ਮਾਲਕ ॥੧॥ ਰਹਾਉ ॥
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥
The dry bread of the Saints is equal to all treasures.
ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)। ਦਾਨਾ = ਅੰਨ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ।
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥
The thirty-six tasty dishes of the faithless cynic, are just like poison. ||2||
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ॥੨॥ ਗ੍ਰਿਹਿ = ਘਰ ਵਿਚ। ਸਾਕਤ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤ = ਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰ = ਛੱਤੀ ਕਿਸਮਾਂ ਦੇ (ਭੋਜਨ)। ਬਿਖੁ = ਜ਼ਹਿਰ। ਸਮਾਨ = ਬਰਾਬਰ, ਵਰਗੇ ॥੨॥
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥
Wearing the old blankets of the humble devotees, one is not naked.
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਲੂਗਰਾ = ਪਾਟੀ ਹੋਈ ਲੋਈ। ਓਢਿ = ਪਹਿਨ ਕੇ।
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥
But by putting on the silk clothes of the faithless cynic, one loses one's honor. ||3||
ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ ॥੩॥ ਸਿਰਪਾਉ = ਸਿਰੋਪਾ। ਪਤਿ = ਇੱਜ਼ਤ। ਖੋਈ = ਗਵਾ ਲਈ ॥੩॥
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥
Friendship with the faithless cynic breaks down mid-way.
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਸਿਉ = ਨਾਲ। ਮੁਖਿ ਜੋਰਿਐ = ਜੇ ਮੂੰਹ ਜੋੜਿਆ ਜਾਏ, ਜੇ ਮੇਲ-ਜੋਲ ਰੱਖਿਆ ਜਾਏ।
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥
But whoever serves the humble servants of the Lord, is emancipated here and hereafter. ||4||
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ ॥੪॥ ਇਤ ਊਤਹਿ = ਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ ॥੪॥
ਸਭ ਕਿਛੁ ਤੁਮੑ ਹੀ ਤੇ ਹੋਆ ਆਪਿ ਬਣਤ ਬਣਾਈ ॥
Everything comes from You, O Lord; You Yourself created the creation.
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ। ਤੇ = ਤੋਂ। ਬਣਤ = ਰਚਨਾ।
ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥
Blessed with the Blessed Vision of the Darshan of the Holy, Nanak sings the Glorious Praises of the Lord. ||5||14||44||
ਹੇ ਨਾਨਕ! (ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ ॥੫॥੧੪॥੪੪॥ ਦਰਸਨੁ ਭੇਟਤ = ਦਰਸ਼ਨ ਕਰਦਿਆਂ। ਭੇਟਤ = ਪਰਸਿਆਂ। ਸਾਧੂ = ਗੁਰੂ। ਗਾਈ = ਗਾਈਂ, ਮੈਂ ਗਾਵਾਂ ॥੫॥੧੪॥੪੪॥