ਭੈਰਉ ਮਹਲਾ ੩ ॥
Bhairao, Third Mehl:
ਭੈਰਊ ਤੀਜੀ ਪਾਤਿਸ਼ਾਹੀ।
ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥
In this Dark Age of Kali Yuga, those who do not realize the Lord are goblins. In the Golden Age of Sat Yuga, the supreme soul-swans contemplated the Lord.
ਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ)। ਕਲਿ = ਕਲਜੁਗ। ਪ੍ਰੇਤ = ਭੂਤ-ਪ੍ਰੇਤ, ਉਹ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ। ਪਛਾਤਾ = ਸਾਂਝ ਪਾਈ। ਸਤਜੁਗਿ = ਸਤਜੁਗ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ, ਸਭ ਤੋਂ ਚੰਗੇ ਜੀਵਨ ਵਾਲੇ, ਮਹਾ ਪੁਰਖ। ਬੀਚਾਰੀ = ਵਿਚਾਰਵਾਨ, ਜਿਨ੍ਹਾਂ ਨੇ ਨਾਮ ਨੂੰ ਮਨ ਵਿਚ ਵਸਾਇਆ ਹੈ।
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥
In the Silver Age of Dwaapur Yuga, and the Brass Age of Traytaa Yuga, mankind prevailed, but only a rare few subdued their egos. ||1||
ਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ ॥੧॥ ਦੁਆਪੁਰਿ = ਦੁਆਪੁਰ ਵਿਚ। ਤ੍ਰੈਤੈ = ਤ੍ਰੇਤੇ ਵਿਚ। ਮਾਣਸ = ਮਨੁੱਖ {ਬਹੁ-ਵਚਨ}। ਵਰਤਹਿ = ਵਰਤਣ-ਵਿਹਾਰ ਕਰਦੇ ਹਨ। ਵਿਰਲੈ = ਕਿਸੇ ਵਿਰਲੇ ਨੇ ॥੧॥
ਕਲਿ ਮਹਿ ਰਾਮ ਨਾਮਿ ਵਡਿਆਈ ॥
In this Dark Age of Kali Yuga, glorious greatness is obtained through the Lord's Name.
ਕਲਜੁਗ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥
In each and every age, the Gurmukhs know the One Lord; without the Name, liberation is not attained. ||1||Pause||
(ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ ॥੧॥ ਰਹਾਉ ॥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨ ਪਾਈ = (ਕਿਸੇ ਮਨੁੱਖ ਨੇ ਭੀ) ਹਾਸਲ ਨਹੀਂ ਕੀਤੀ ॥੧॥ ਰਹਾਉ ॥
ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥
The Naam, the Name of the Lord, is revealed in the heart of the True Lord's humble servant. It dwells in the mind of the Gurmukh.
ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਹਿਰਦੈ = ਹਿਰਦੇ ਵਿਚ। ਲਖੈ = ਵੇਖ ਲੈਂਦਾ ਹੈ, ਵੱਸਦਾ ਸਹੀ ਕਰ ਲੈਂਦਾ ਹੈ। ਜਨੁ = (ਜਿਹੜਾ) ਮਨੁੱਖ। ਸਾਚਾ = ਸਦਾ-ਥਿਰ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮੰਨਿ = ਮਨਿ, ਮਨ ਵਿਚ।
ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥
Those who are lovingly focused on the Lord's Name save themselves; they save all their ancestors as well. ||2||
ਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ ॥੨॥ ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਸਗਲੇ ਕੁਲ = ਸਾਰੀਆਂ ਕੁਲਾਂ। ਨਾਮਿ = ਨਾਮ ਵਿਚ। ਲਿਵ = ਲਗਨ ॥੨॥
ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥
My Lord God is the Giver of virtue. The Word of the Shabad burns away all faults and demerits.
ਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਜਲਾਏ = ਸਾੜਦਾ ਹੈ।
ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥
Those whose minds are filled with the Naam are beautiful; they enshrine the Naam within their hearts. ||3||
ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੩॥ ਮਨਿ = ਮਨ ਵਿਚ। ਸੇ = {ਬਹੁ-ਵਚਨ} ਉਹ। ਸੋਹੇ = ਸੋਹਣੇ ਜੀਵਨ ਵਾਲੇ ਬਣ ਗਏ। ਵਸਾਏ = ਵਸਾਇ, ਵਸਾ ਕੇ ॥੩॥
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥
The True Guru has revealed to me the Lord's Home and His Court, and the Mansion of His Presence. I joyfully enjoy His Love.
ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪ੍ਰੇਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ। ਘਰੁ = (ਪ੍ਰਭੂ ਦਾ) ਘਰ। ਦਰੁ = (ਪ੍ਰਭੂ ਦਾ) ਦਰਵਾਜ਼ਾ। ਮਹਲੁ = (ਪ੍ਰਭੂ ਦਾ) ਟਿਕਾਣਾ। ਰੰਗ ਸਿਉ = ਆਤਮਕ ਆਨੰਦ ਨਾਲ।
ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥
Whatever He says, I accept as good; Nanak chants the Naam. ||4||6||16||
ਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੪॥੬॥੧੬॥ ਕਰਿ = ਕਰ ਕੇ, ਸਮਝ ਕੇ। ਨਾਨਕ = ਹੇ ਨਾਨਕ! ਵਖਾਣੈ = (ਸਦਾ) ਉਚਾਰਦਾ ਹੈ ॥੪॥੬॥੧੬॥