ਅੜਿਲ ॥
ਅੜਿਲ:
ਦੋਇ ਸਤ੍ਰੁ ਹਮਰਿਨ ਤੇ ਏਕ ਸੰਘਾਰਿਯੈ ॥
(ਰਾਜੇ ਨੇ ਉੱਤਰ ਵਜੋਂ ਕਹਿ ਭੇਜਿਆ) ਮੇਰੇ ਦੋ ਵੈਰੀਆਂ ਵਿਚੋਂ ਇਕ ਨੂੰ (ਤੂੰ) ਮਾਰ ਦੇ
ਬਿਨਾ ਘਾਇ ਕੇ ਕਿਯੇ ਦੂਸਰੋ ਮਾਰਿਯੈ ॥
ਅਤੇ ਦੂਜੇ ਨੂੰ ਬਿਨਾ ਜ਼ਖ਼ਮ ਲਗਾਏ ਖ਼ਤਮ ਕਰ ਦੇ।
ਤਬ ਮੈ ਤੁਮ ਕੋ ਅਪਨੇ ਸਦਨ ਬੁਲਾਇ ਹੋਂ ॥
ਤਦ ਮੈਂ ਤੈਨੂੰ ਆਪਣੇ ਘਰ ਬੁਲਾਵਾਂਗਾ
ਹੋ ਮਨ ਭਾਵਤ ਕੇ ਤੁਮ ਸੋ ਭੋਗ ਕਮਾਇ ਹੋਂ ॥੧੧॥
ਅਤੇ ਮਨ ਭਾਉਂਦੇ ਭੋਗ ਤੇਰੇ ਨਾਲ ਕਰਾਂਗਾ ॥੧੧॥
ਜਾਇ ਸਹਚਰੀ ਕਹਿਯੋ ਤ੍ਰਿਯਾ ਸੁਨਿ ਪਾਇ ਕੈ ॥
ਤਦ ਦਾਸੀ ਨੇ ਸੁਣ ਕੇ ਅਤੇ ਜਾ ਕੇ ਇਸਤਰੀ ਨੂੰ ਦਸਿਆ।
ਪ੍ਰੀਤ ਰਾਵ ਕੀ ਬਧੀ ਉਠੀ ਮਰਰਾਇ ਕੈ ॥
ਰਾਜੇ ਦੀ ਪ੍ਰੀਤ ਵਿਚ ਬੰਨ੍ਹੀ ਹੋਈ (ਉਹ) ਅੰਗੜਾਈ ਲੈ ਕੇ ਉਠ ਖੜੋਤੀ।
ਹ੍ਵੈ ਕੈ ਬਾਜ ਅਰੂੜ ਭੇਖ ਨਰ ਧਾਰਿ ਕੈ ॥
ਉਹ ਮਰਦਾਵਾਂ ਭੇਸ ਬਣਾ ਕੇ ਘੋੜੇ ਉਤੇ ਚੜ੍ਹ ਬੈਠੀ
ਹੋ ਨ੍ਰਿਪ ਕੇ ਅਰਿ ਪੈ ਗਈ ਚਰਿਤ੍ਰ ਬਿਚਾਰਿ ਕੈ ॥੧੨॥
ਅਤੇ (ਇਕ) ਚਰਿਤ੍ਰ ਸੋਚ ਕੇ ਰਾਜੇ ਦੇ ਵੈਰੀ ਕੋਲ ਗਈ ॥੧੨॥
ਸੁਨੋ ਰਾਵ ਜੂ ਮੋ ਕੋ ਚਾਕਰ ਰਾਖਿਯੈ ॥
(ਕਹਿਣ ਲਗੀ) ਹੇ ਰਾਜਨ! ਮੈਨੂੰ ਆਪਣਾ ਨੌਕਰ ਰਖ ਲਵੋ।
ਤਹ ਕੋ ਕਰੋ ਮੁਹਿੰਮ ਜਹਾ ਕੋ ਭਾਖਿਯੈ ॥
(ਮੈਂ) ਉਥੋਂ ਦੀ ਮੁਹਿੰਮ ਕਰਾਂਗੀ, ਜਿਥੋਂ ਦੀ ਤੁਸੀਂ ਕਹੋਗੇ।
ਪ੍ਰਾਨ ਲੇਤ ਲੌ ਲਰੋਂ ਨ ਰਨ ਤੇ ਹਾਰਿਹੋਂ ॥
ਮੈਂ ਪ੍ਰਾਣ ਨਿਕਲਣ ਤਕ ਲੜਾਂਗੀ ਅਤੇ ਯੁੱਧ ਵਿਚ ਨਹੀਂ ਹਾਰਾਂਗੀ
ਹੌ ਬਿਨੁ ਅਰਿ ਮਾਰੈ ਖੇਤ ਨ ਬਾਜੀ ਟਾਰਿਹੋ ॥੧੩॥
ਅਤੇ ਵੈਰੀ ਨੂੰ ਯੁੱਧ-ਭੂਮੀ ਵਿਚ ਮਾਰੇ ਬਿਨਾ ਬਾਜ਼ੀ ਨਹੀਂ ਛਡਾਂਗੀ ॥੧੩॥
ਤਾ ਕੋ ਸੂਰ ਨਿਹਾਰਿ ਨ੍ਰਿਪਤਿ ਚਾਕਰ ਕਿਯੋ ॥
ਉਸ ਦੀ ਸੂਰਬੀਰਤਾ ਨੂੰ ਵੇਖ ਕੇ ਰਾਜੇ ਨੇ ਨੌਕਰ ਰਖ ਲਿਆ।
ਗ੍ਰਿਹ ਤੇ ਕਾਢਿ ਖਜਾਨੋ ਤਾ ਕੋ ਬਹੁ ਦਿਯੋ ॥
ਘਰ ਦੇ ਖ਼ਜ਼ਾਨੇ ਵਿਚੋਂ ਕਢ ਕੇ (ਉਸ ਨੂੰ) ਬਹੁਤ ਕੁਝ ਦਿੱਤਾ।
ਦੂਜੋ ਰਾਵ ਬੁਲਾਇ ਸੁ ਬੀਰ ਬੁਲਾਇ ਕੈ ॥
ਦੂਜੇ ਰਾਜੇ ਨੂੰ ਸੂਰਮਾ ਭੇਜ ਕੇ ਬੁਲਾ ਲਿਆ।
ਹੋ ਬਾਹੂ ਸਿੰਘ ਪੈ ਚੜਿਯੋ ਮਹਾ ਰਿਸਿ ਖਾਇ ਕੈ ॥੧੪॥
ਬਾਹੂ ਸਿੰਘ ਉਤੇ ਬਹੁਤ ਕ੍ਰੋਧਿਤ ਹੋ ਕੇ ਚੜ੍ਹਾਈ ਕਰ ਦਿੱਤੀ ॥੧੪॥