ਟੋਡੀ ਮਃ

Todee, Fifth Mehl:

ਟੋਡੀ ਪੰਜਵੀਂ ਪਾਤਿਸ਼ਾਹੀ।

ਕਿਰਪਨ ਤਨ ਮਨ ਕਿਲਵਿਖ ਭਰੇ

O miser, your body and mind are full of sin.

ਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ। ਕਿਰਪਨ = ਹੇ ਸ਼ੂਮ! (ਉਹ ਮਨੁੱਖ ਜੋ ਆਪਣੇ ਸੁਆਸਾਂ ਦੀ ਪੂੰਜੀ ਨੂੰ ਕਦੇ ਭੀ ਸਿਮਰਨ ਵਾਲੇ ਪਾਸੇ ਨਹੀਂ ਖ਼ਰਚ ਕਰਦਾ)। ਕਿਲਵਿਖ = ਪਾਪ।

ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ

In the Saadh Sangat, the Company of the Holy, vibrate, meditate on the Lord and Master; He alone can cover your sins. ||1||Pause||

ਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ ॥੧॥ ਰਹਾਉ ॥ ਹਰੇ = ਹਰੀ ॥੧॥ ਰਹਾਉ ॥

ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਜਾਹੀ ਕਰੇ

When many holes appear in your boat, you cannot plug them with your hands.

ਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ। ਛਿਦ੍ਰ = ਛੇਕ। ਬੋਹਿਬ = ਜਹਾਜ਼। ਥਾਮ ਨ ਕਰੇ ਜਾਹੀ = ਥੰਮੇ ਨਹੀਂ ਜਾ ਸਕਦੇ।

ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥

Worship and adore the One, to whom your boat belongs; He saves the counterfeit along with the genuine. ||1||

ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ ॥੧॥ ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਆਰਾਧੇ = ਆਰਾਧਿ। ਸੰਗਿ = ਨਾਲ ॥੧॥

ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ

People want to lift up the mountain with mere words, but it just stays there.

ਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ। ਗਲੀ = ਗੱਲਾਂ ਨਾਲ। ਸੈਲ = ਪਹਾੜ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ)।

ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥

Nanak has no strength or power at all; O God, please protect me - I seek Your Sanctuary. ||2||7||12||

ਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ। ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ ॥੨॥੭॥੧੨॥ ਪ੍ਰਭ = ਹੇ ਪ੍ਰਭੂ! ॥੨॥੭॥੧੨॥