ਜਤੁ ਪਾਹਾਰਾ ਧੀਰਜੁ ਸੁਨਿਆਰੁ

Let self-control be the furnace, and patience the goldsmith.

(ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ, ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ। ਪਾਹਾਰਾ = ਸੁਨਿਆਰੇ ਦੀ ਦੁਕਾਨ। ਸੁਨਿਆਰੁ = ਸੁਨਿਆਰਾ।

ਅਹਰਣਿ ਮਤਿ ਵੇਦੁ ਹਥੀਆਰੁ

Let understanding be the anvil, and spiritual wisdom the tools.

ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)। ਮਤਿ = ਅਕਲ। ਵੇਦ = ਗਿਆਨ। ਹਥੀਆਰੁ = ਹਥੌੜਾ। ❀ ਨੋਟ: ਸ਼ਬਦ 'ਵੇਦ' ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ: (੧) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ। (ਪਉੜੀ ੫)। (੨) ਸੁਣਿਐ ਸਾਸਤ ਸਿੰਮ੍ਰਿਤਿ ਵੇਦ। (ਪਉੜੀ ੯)। (੩) ਅਸੰਖ ਗਰੰਥ ਮੁਖਿ ਵੇਦ ਪਾਠ। (ਪਉੜੀ ੧੭)। (੪) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ। (ਪਉੜੀ ੨੨)। (੫) ਆਖਹਿ ਵੇਦ ਪਾਠ ਪੁਰਾਣ। (ਪਉੜੀ ੨੬)। (੬) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ। (ਪਉੜੀ ੨੭)। ਪਉੜੀ ਨੰਬਰ ੫ ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ 'ਵੇਦ' ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ 'ਵੇਦਾਂ' ਵੱਲ ਇਸ਼ਾਰਾ ਹੈ। ਪਰ ਪਉੜੀ ਨੰਬਰ ੫ ਵਿਚ 'ਵੇਦੰ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਇਸੇ ਤਰਾਂ 'ਵੇਦ ਹਥੀਆਰ' ਵਿਚ 'ਵੇਦ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ 'ਵੇਦੁ' ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ 'ਗਿਆਨ' ਹੀ ਹੈ। ਕਈ ਸ਼ਬਦ ਐਸੇ ਹਨ, ਜਿੱਥੇ 'ਵੇਦੁ' ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ। ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਇਸ ਪਉੜੀ ਵਿਚ 'ਜਤੁ', 'ਧੀਰਜ', 'ਮਤਿ', 'ਭਉ', 'ਤਪਤਾਉ', ਅਤੇ 'ਭਾਉ' ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ 'ਵੇਦੁ' ਭੀ ਉਹਨਾਂ ਦੇ ਨਾਲ ਢੁਕਵਾਂ ('ਗਿਆਨ' ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ।

ਭਉ ਖਲਾ ਅਗਨਿ ਤਪ ਤਾਉ

With the Fear of God as the bellows, fan the flames of tapa, the body's inner heat.

(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ), ਭਉ = ਅਕਾਲ ਪੁਰਖ ਦਾ ਡਰ। ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ)। ਤਪਤਾਉ-ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ।

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ

In the crucible of love, melt the Nectar of the Name,

ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ। ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ।

ਘੜੀਐ ਸਬਦੁ ਸਚੀ ਟਕਸਾਲ

and mint the True Coin of the Shabad, the Word of God.

(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ। ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।

ਜਿਨ ਕਉ ਨਦਰਿ ਕਰਮੁ ਤਿਨ ਕਾਰ

Such is the karma of those upon whom He has cast His Glance of Grace.

ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ। ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ। ਨਦਰਿ = ਮਿਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ)।

ਨਾਨਕ ਨਦਰੀ ਨਦਰਿ ਨਿਹਾਲ ॥੩੮॥

O Nanak, the Merciful Lord, by His Grace, uplifts and exalts them. ||38||

ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ॥੩੮॥{8} ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ ॥੩੮॥