ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥
By His Grace, the Guru is found, and the Name of the Lord is implanted within.
(ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ (ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ। ਨਾਮੋ = ਨਾਮੁ। ਦੇਇ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥
Without the Guru, no one has obtained it; they waste away their lives in vain.
(ਕਦੇ ਭੀ) ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ। ਕਿਨੈ = ਕਿਸੇ ਨੇ ਭੀ।
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥
The self-willed manmukhs create karma, and in the Court of the Lord, they receive their punishment. ||1||
ਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ ॥੧॥
ਮਨ ਰੇ ਦੂਜਾ ਭਾਉ ਚੁਕਾਇ ॥
O mind, give up the love of duality.
ਹੇ ਮੇਰੇ ਮਨ! (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ।
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥
The Lord dwells within you; serving the Guru, you shall find peace. ||Pause||
ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥ ਅੰਤਰਿ ਤੇਰੈ = ਤੇਰੇ ਅੰਦਰ।ਰਹਾਉ।
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥
When you love the Truth, your words are true; they reflect the True Word of the Shabad.
ਜਦੋਂ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ। ਸਚੁ = ਯਥਾਰਥ, ਠੀਕ। ਜਾ = ਜਦੋਂ। ਸਚਿ = ਸਦਾ-ਥਿਰ ਪ੍ਰਭੂ ਵਿਚ।
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥
The Name of the Lord dwells within the mind; egotism and anger are wiped away.
(ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ) ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ। ਨਿਵਾਰਿ = ਦੂਰ ਕਰ ਕੇ।
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥
Meditating on the Naam with a pure mind, the Door of Liberation is found. ||2||
ਪਰਮਾਤਮਾ ਦਾ ਨਾਮ ਪਵਿਤ੍ਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ (ਜਦੋਂ ਮਨੁੱਖ ਸਿਮਰਦਾ ਹੈ) ਤਦੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੨॥ ਮਨਿ = ਮਨ ਦੀ ਰਾਹੀਂ। ਧਿਆਈਐ = ਸਿਮਰਿਆ ਜਾ ਸਕਦਾ ਹੈ॥੨॥
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥
Engrossed in egotism, the world perishes. It dies and is re-born; it continues coming and going in reincarnation.
ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। ਬਿਨਸਦਾ = ਆਤਮਕ ਮੌਤ ਮਰਦਾ ਹੈ।
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥
The self-willed manmukhs do not recognize the Shabad; they forfeit their honor, and depart in disgrace.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਜਾਣਗੇ। ਜਾਣਨੀ = ਜਾਣਨਿ, ਜਾਣਦੇ। ਜਾਸਨਿ = ਜਾਣਗੇ। ਪਤਿ = ਇੱਜ਼ਤ।
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥
Serving the Guru, the Name is obtained, and one remains absorbed in the True Lord. ||3||
ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥ ਸਚੇ = ਸਚਿ ਹੀ, ਸਦਾ-ਥਿਰ ਪ੍ਰਭੂ ਵਿਚ ਹੀ॥੩॥
ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥
With faith in the Shabad, the Guru is found, and selfishness is eradicated from within.
ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ। ਆਪੁ = ਆਪਾ-ਭਾਵ।
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥
Night and day, worship the True Lord with devotion and love forever.
ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ। ਅਨਦਿਨੁ = ਹਰ ਰੋਜ਼।
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥
The Treasure of the Naam abides in the mind; O Nanak, in the poise of perfect balance, merge into the Lord. ||4||19||52||
ਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ। ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ॥੪॥੧੯॥੫੨॥{33-34} ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ॥੪॥