ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ॥
Basant Hindol, Second House, Fourth Mehl:
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥
Within the body-village there lives a child who cannot hold still, even for an instant.
ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ। ਕਾਂਇਆ = ਸਰੀਰ। ਨਗਰਿ = ਨਗਰ ਵਿਚ। ਕਾਂਇਆ ਨਗਰਿ = ਸਰੀਰ-ਨਗਰ ਵਿਚ। ਬਾਲਕੁ = ਅੰਞਾਣ ਮਨ। ਖਿਨੁ ਪਲੁ = ਰਤਾ ਭਰ ਸਮੇ ਲਈ ਭੀ। ਥਿਰੁ = ਅਡੋਲ।
ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥
It makes so many efforts, and grows weary, but still, it wanders restlessly again and again. ||1||
(ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ॥੧॥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰਿ = ਕਰ ਕੇ। ਬਾਰੰ ਬਾਰ = ਮੁੜ ਮੁੜ। ਭਰਮਾਈ = ਭਟਕਦਾ ਫਿਰਦਾ ਹੈ ॥੧॥
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥
O my Lord and Master, Your child has come home, to be one with You.
ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ)। ਠਾਕੁਰ = ਹੇ ਮਾਲਕ! ਇਕਤੁ ਘਰਿ = ਇੱਕ ਟਿਕਾਣੇ ਤੇ। ਆਣੁ = ਲਿਆ, ਟਿਕਾ ਦੇ।
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥
Meeting the True Guru, he finds the Perfect Lord. Meditating and vibrating on the Name of the Lord, he receives the Insignia of the Lord. ||1||Pause||
ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ)। (ਇਸ ਵਾਸਤੇ, ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ ॥੧॥ ਰਹਾਉ ॥ ਤ = ਤਦੋਂ। ਪਾਈਐ = ਮਿਲਦਾ ਹੈ। ਭਜੁ = ਸਿਮਰਿਆ ਕਰ। ਨੀਸਾਣੁ = (ਪ੍ਰਭੂ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ, ਪਰਵਾਨਾ ॥੧॥ ਰਹਾਉ ॥
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥
These are dead corpses, these bodies of all the people of the world; the Name of the Lord does not dwell in them.
ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ। ਮਿਰਤਕੁ = ਮੁਰਦਾ। ਮੜਾ = ਮੜ੍ਹ, ਮਿੱਟੀ ਦਾ ਢੇਰ। ਸਭੁ ਜਗੁ = ਸਾਰਾ ਜਗਤ। ਜਿਤੁ = ਜਿਸ ਵਿਚ, ਜੇ ਇਸ ਵਿਚ।
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥
The Guru leads us to taste the water of the Lord's Name, and then we savor and enjoy it, and our bodies are rejuvenated. ||2||
ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ ॥੨॥ ਗੁਰਿ = ਗੁਰੂ ਨੇ। ਉਦਕੁ = ਜਲ, ਪਾਣੀ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ। ਰਸਿਆ = ਤਰਾਵਤ ਵਾਲਾ ॥੨॥
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥
I have examined and studied and searched my entire body, and as Gurmukh, I behold a miraculous wonder.
ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ। ਨਿਰਖਤ ਨਿਰਖਤ = ਚੰਗੀ ਤਰ੍ਹਾਂ ਵੇਖਦਿਆਂ ਵੇਖਦਿਆਂ। ਸਭੁ = ਸਾਰਾ। ਗੁਰਮੁਖਿ = ਗੁਰੂ ਨੇ। ਚਲਤੁ = ਤਮਾਸ਼ਾ।
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥
All the faithless cynics searched outside and died, but following the Guru's Teachings, I have found the Lord within the home of my own heart. ||3||
ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੩॥ ਬਾਹਰੁ = ਬਾਹਰਲਾ ਪਾਸਾ, ਦੁਨੀਆ, ਜਗਤ। ਖੋਜਿ = ਢੂੰਢ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਗੁਰਮਤੀ = ਗੁਰੂ ਦੀ ਮੱਤ ਉਤੇ ਤੁਰ ਕੇ। ਘਰਿ = ਹਿਰਦੇ-ਘਰ ਵਿਚ ॥੩॥
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥
God is Merciful to the meekest of the meek; Krishna came to the house of Bidar, a devotee of low social status.
ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ। ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ, ਮਹਾ ਕੰਗਾਲ। ਦਇਆਲ = ਦਇਆਵਾਨ। ਬਿਦਰ = ਕ੍ਰਿਸ਼ਨ ਜੀ ਦਾ ਪ੍ਰਸਿੱਧ ਭਗਤ। ਇਹ ਵਿਆਸ ਦਾ ਪੁੱਤਰ ਸੀ। ਕ੍ਰਿਸ਼ਨ ਜੀ ਦੁਰਜੋਧਨ ਦੇ ਮਹਲਾਂ ਵਿਚ ਜਾਣ ਦੇ ਥਾਂ ਭਗਤ ਬਿਦਰ ਦੇ ਘਰ ਗਏ ਸਨ।
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥
Sudama loved God, who came to meet him; God sent everything to his home, and ended his poverty. ||4||
ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ॥੪॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ। ਭਾਵਨੀ = ਸਰਧਾ। ਧਾਰਿ = ਧਾਰ ਕੇ। ਆਗੈ = (ਘਰ ਪਹੁੰਚਣ ਤੋਂ) ਪਹਿਲਾਂ ਹੀ। ਦਾਲਦੁ = ਗਰੀਬੀ। ਭੰਜਿ = ਦੂਰ ਕਰ ਕੇ, ਨਾਸ ਕਰ ਕੇ ॥੪॥
ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥
Great is the glory of the Name of the Lord. My Lord and Master Himself has enshrined it within me.
ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ। ਕੀ = ਦੀ, ਦੀ ਰਾਹੀਂ, ਦੇ ਕਾਰਨ। ਪੈਜ = ਇੱਜ਼ਤ। ਵਡੇਰੀ = ਬਹੁਤ ਵੱਡੀ। ਠਾਕੁਰਿ = ਠਾਕੁਰ ਨੇ।
ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥
Even if all the faithless cynics continue slandering me, it is not diminished by even one iota. ||5||
ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ ॥੫॥ ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਰਹਿ = {ਬਹੁ-ਵਚਨ} ਕਰਨ। ਬਖੀਲੀ = (ਨਾਮ ਜਪਣ ਵਾਲੇ ਦੀ) ਨਿੰਦਿਆ, ਚੁਗ਼ਲੀ ॥੫॥
ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥
The Lord's Name is the praise of His humble servant. It brings him honor in the ten directions.
ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ। ਜਨ = ਪਰਮਾਤਮਾ ਦਾ ਭਗਤ। ਉਸਤਤਿ = ਸੋਭਾ। ਦਿਸਿ = ਪਾਸਾ। ਦਹਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ।
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥
The slanderers and the faithless cynics cannot endure it at all; they have set fire to their own houses. ||6||
ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ॥੬॥ ਸਾਕਤੁ = {ਇਕ-ਵਚਨ} ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਖਵਿ ਨ ਸਕੈ = ਸਹਾਰ ਨਹੀਂ ਸਕਦਾ। ਘਰਿ = ਹਿਰਦੇ-ਘਰ ਵਿਚ। ਲੂਕੀ = ਚੁਆਤੀ ॥੬॥
ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥
The humble person meeting with another humble person obtains honor. In the glory of the Lord, their glory shines forth.
(ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ। ਮਿਲਿ = ਮਿਲ ਕੇ। ਪਾਵੈ = ਹਾਸਲ ਕਰਦਾ ਹੈ। ਪਰਗਾਸਾ = ਚਾਨਣ।
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥
The servants of my Lord and Master are loved by the Beloved. They are the slaves of His slaves. ||7||
ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੭॥ ਪ੍ਰੀਤਮ ਪਿਆਰੇ = ਪ੍ਰੀਤਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਜੋ = ਜਿਹੜੇ। ਹੋਵਹਿ = {ਬਹੁ-ਵਚਨ} ਹੁੰਦੇ ਹਨ। ਦਾਸਨਿ ਦਾਸਾ = ਦਾਸਾਂ ਦੇ ਦਾਸ ॥੭॥
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥
The Creator Himself is the Water; He Himself unites us in His Union.
(ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ। ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ। ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤ ਵਿਚ (ਲਿਆ) ਜੋੜਦਾ ਹੈ। ਆਪੇ = (ਪ੍ਰਭੂ) ਆਪ ਹੀ। ਅਪਰੰਪਰੁ ਕਰਤਾ = ਬੇਅੰਤ ਪਰਮਾਤਮਾ। ਮੇਲਿ = (ਗੁਰੂ ਦੀ) ਸੰਗਤ ਵਿਚ। ਮਿਲਾਵੈ = ਮਿਲਾਂਦਾ ਹੈ।
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥
O Nanak, the Gurmukh is absorbed in celestial peace and poise, like water blending with water. ||8||1||9||
ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੮॥੧॥੯॥ ਗੁਰਮੁਖਿ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਜਲਹਿ = ਜਲ ਵਿਚ ਹੀ ॥੮॥੧॥੯॥