ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ

My mind longs for the One Beloved Lord.

ਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ। ਏਕੈ ਹੀ ਪ੍ਰਿਅ = ਏਕੈ ਪ੍ਰਿਅ ਹੀ, ਸਿਰਫ਼ ਪਿਆਰੇ ਪ੍ਰਭੂ ਦਾ (ਦਰਸਨ) ਹੀ। ਮਾਂਗੈ = ਮੰਗਦਾ ਹੈ {ਇਕ-ਵਚਨ}।

ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਸਮਸਰਿ ਲਾਗੈ ॥੧॥ ਰਹਾਉ

I have looked everywhere in every country, but nothing equals even a hair of my Beloved. ||1||Pause||

ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥ ਪੇਖਿ = ਵੇਖ ਕੇ। ਸਮਸਰਿ = ਬਰਾਬਰ ॥੧॥ ਰਹਾਉ ॥

ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਕਰੈ ਰੁਚਾਂਗੈ

All sorts of delicacies and dainties are placed before me, but I do not even want to look at them.

ਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ। ਨੀਰੇ = ਪਰੋਸੇ, ਥਾਲ ਵਿਚ ਪਾ ਕੇ ਰੱਖੇ। ਬਿੰਜਨ = ਸੁਆਦਲੇ ਖਾਣੇ। ਦ੍ਰਿਸਟਿ = ਨਿਗਾਹ। ਰੁਚਾਂਗੈ = ਰੁਚੀ।

ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥

I long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||

ਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ 'ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!' ਹੀ ਬੋਲਦਾ ਰਹਿੰਦਾ ਹੈ ॥੧॥ ਰਸੁ = ਸੁਆਦ। ਪ੍ਰਿੳ = ਹੇ ਪਿਆਰੇ! ਮੁਖਿ = ਮੂੰਹੋਂ। ਟੇਰੈ = ਬੋਲਦਾ ਹੈ। ਅਲਿ = ਭੌਰਾ। ਕਮਲਾ = ਕੌਲ-ਫੁੱਲ। ਲੋਭਾਂਗੈ = ਲਲਚਾਂਦਾ ਹੈ ॥੧॥

ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ

The Treasure of Virtue, the Enticer of the mind, my Beloved is the Giver of peace to all.

ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ! ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਲਾਲਨ = ਹੇ ਸੋਹਣੇ ਲਾਲ! ਸਰਬਾਂਗੈ = ਹੇ ਸਭ ਜੀਵਾਂ ਵਿਚ ਵਿਆਪਕ!

ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥

Guru Nanak has led me to You, O God. Join with me, O my Best Friend, and hold me close in Your Embrace. ||2||5||28||

ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥ ਗੁਰਿ = ਗੁਰੂ ਨੇ। ਪਾਹਿ = ਪਾਸ, ਕੋਲ। ਪਠਾਇਓ = ਭੇਜਿਆ ਹੈ। ਸਖਾ = ਹੇ ਮਿੱਤਰ! ਗਲਿ ਲਾਗੈ = ਗਲ ਨਾਲ ਲੱਗ ਕੇ ॥੨॥੫॥੨੮॥