ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਹਰਿ ਮਨਿ ਤਨਿ ਵਸਿਆ ਸੋਈ ॥
The Lord abides in my mind and body.
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ।
ਜੈ ਜੈ ਕਾਰੁ ਕਰੇ ਸਭੁ ਕੋਈ ॥
Everyone congratulates me on my victory.
ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ। ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ।
ਗੁਰ ਪੂਰੇ ਕੀ ਵਡਿਆਈ ॥
This is the glorious greatness of the Perfect Guru.
(ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ) ਵਡਿਆਈ = ਬਰਕਤਿ, ਬਖ਼ਸ਼ਸ਼।
ਤਾ ਕੀ ਕੀਮਤਿ ਕਹੀ ਨ ਜਾਈ ॥੧॥
His value cannot be described. ||1||
ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥ ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ ॥੧॥
ਹਉ ਕੁਰਬਾਨੁ ਜਾਈ ਤੇਰੇ ਨਾਵੈ ॥
I am a sacrifice to Your Name.
ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ।
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
He alone, whom You have forgiven, O my Beloved, sings Your Praises. ||1||Pause||
ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਪਿਆਰੇ = ਹੇ ਪਿਆਰੇ! ਜਸੁ = ਸਿਫ਼ਤ-ਸਾਲਾਹ ਦਾ ਗੀਤ ॥੧॥ ਰਹਾਉ ॥
ਤੂੰ ਭਾਰੋ ਸੁਆਮੀ ਮੇਰਾ ॥
You are my Great Lord and Master.
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਭਾਰੋ = ਵੱਡਾ। ਸੁਆਮੀ = ਮਾਲਕ।
ਸੰਤਾਂ ਭਰਵਾਸਾ ਤੇਰਾ ॥
You are the support of the Saints.
ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ। ਭਰਵਾਸਾ = ਭਰੋਸਾ, ਸਹਾਰਾ।
ਨਾਨਕ ਪ੍ਰਭ ਸਰਣਾਈ ॥
Nanak has entered God's Sanctuary.
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ।
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
The faces of the slanderers are blackened with ashes. ||2||22||86||
(ਉਸ ਦੀ) ਨਿੰਦਾ ਕਰਨ ਵਾਲੇ ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ॥੨॥੨੨॥੮੬॥ ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ ॥੨॥੨੨॥੮੬॥