ਪਉੜੀ

Pauree:

ਪਉੜੀ।

ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ

He alone understands You, Lord, with whom You are pleased.

ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ। ਤੁਧੁ = ਤੈਨੂੰ। ਭਾਣਾ = ਪਿਆਰਾ ਲੱਗਾ। ਬੁਝਈ = ਸਮਝਦਾ ਹੈ, ਸਾਂਝ ਪਾ ਲੈਂਦਾ ਹੈ।

ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ

He alone is approved in the Court of the Lord, with whom You are pleased.

ਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ। ਸਿਝਈ = ਕਾਮਯਾਬ ਹੋ ਜਾਂਦਾ ਹੈ।

ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ

Egotism is eradicated, when You bestow Your Grace.

ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ। ਤਿਸੁ = ਉਸ ਦੀ। ਹਉਮੈ = ਮੈਂ ਮੈਂ, ਅਹੰਕਾਰ, ਆਪਾ-ਭਾਵ, ਖ਼ੁਦ-ਗ਼ਰਜ਼ੀ।

ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ

Sins are erased, when You are thoroughly pleased.

ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ। ਸੰਤੁਸਟੁ = ਪ੍ਰਸੰਨ। ਕਲਮਲ = ਪਾਪ। ਖਈ = ਨਾਸ ਹੋ ਗਏ।

ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ

One who has the Lord Master on his side, becomes fearless.

ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ। ਵਲਿ = ਪੱਖ ਤੇ।

ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ

One who is blessed with Your Mercy, becomes truthful.

ਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ। ਥਿਅਈ = ਹੋ ਜਾਂਦਾ ਹੈ। ਸਚਾ = ਅਡੋਲ-ਚਿੱਤ।

ਜਿਸ ਨੋ ਤੇਰੀ ਮਇਆ ਪੋਹੈ ਅਗਨਈ

One who is blessed with Your Kindness, is not touched by fire.

ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ। ਮਇਆ = ਦਇਆ। ਅਗਨਈ = (ਵਿਕਾਰਾਂ ਦੀ) ਅੱਗ।

ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥

You are forever Merciful to those who are receptive to the Guru's Teachings. ||7||

ਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥ ਜਿਨਿ = ਜਿਸ (ਮਨੁੱਖ) ਨੇ। ਮਤਿ = ਅਕਲ। ਤਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤੇ = ਤੋਂ ॥੭॥