ਸਿਰੀਰਾਗੁ ਮਹਲਾ

Siree Raag, First Mehl:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ

Beholding the terrifying mountain in this world of my father's home, I am terrified.

(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)। ਡੂੰਗਰੁ = ਪਹਾੜ। ਪੇਈਅੜੈ = ਪੇਕੇ ਘਰ ਵਿਚ।

ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ

It is so difficult to climb this high mountain; there is no ladder which reaches up there.

(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ। ਗਾਖੜੋ = ਔਖਾ। ਤਿਤੁ = ਉਸ ਵਿਚ। ਤਾਸੁ = {तस्य} ਉਸ ਦੀ।

ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥

But as Gurmukh, I know that it is within my self; the Guru has brought me to Union, and so I cross over. ||1||

ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥ ਗੁਰਿ = ਗੁਰੂ ਨੇ ॥੧॥

ਭਾਈ ਰੇ ਭਵਜਲੁ ਬਿਖਮੁ ਡਰਾਂਉ

O Siblings of Destiny, the terrifying world-ocean is so difficult to cross-I am terrified!

ਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ। ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਡਰਾਉ = ਡਰਾਉਣਾ।

ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ

The Perfect True Guru, in His Pleasure, has met with me; the Guru has saved me, through the Name of the Lord. ||1||Pause||

ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ ਰਸਿ = ਆਨੰਦ ਨਾਲ ॥੧॥ ਰਹਾਉ ॥

ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ

I may say, "I am going, I am going", but I know that, in the end, I must really go.

ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ, ਚਲਾ = ਚੱਲਾਂ।

ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ

Whoever comes must also go. Only the Guru and the Creator are Eternal.

ਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ, ਅਮਰ = ਮੌਤ-ਰਹਿਤ।

ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥

So praise the True One continually, and love His Place of Truth. ||2||

ਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥ ਭੀ = ਤਾਂ ਤੇ। ਸਚੈ ਥਾਨਿ = ਸੱਚੇ ਥਾਂ ਵਿਚ, ਸਤਸੰਗ ਵਿਚ ॥੨॥

ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ

Beautiful gates, houses and palaces, solidly built forts,

ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ, ਕੋਟ = ਕਿਲ੍ਹੇ।

ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ

elephants, saddled horses, hundreds of thousands of uncounted armies

ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ। ਹਸਤੀ = ਹਾਥੀ। ਪਾਖਰੇ = ਕਾਠੀਆਂ।

ਕਿਸ ਹੀ ਨਾਲਿ ਚਲਿਆ ਖਪਿ ਖਪਿ ਮੁਏ ਅਸਾਰ ॥੩॥

-none of these will go along with anyone in the end, and yet, the fools bother themselves to exhaustion with these, and then die. ||3||

ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥ ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ ॥੩॥

ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ

You may gather gold and sliver, but wealth is just a net of entanglement.

ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ। ਸੰਚੀਐ = ਇਕੱਠਾ ਕਰੀਏ।

ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ

You may beat the drum and proclaim authority over the whole world, but without the Name, death hovers over your head.

ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ। ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।

ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥

When the body falls, the play of life is over; what shall be the condition of the evil-doers then? ||4||

ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥ ਖੇਲਸੀ = ਖੇਡ ਖੇਡ ਜਾਇਗਾ, ਖੇਡ ਮੁਕਾ ਜਾਇਗਾ। ਪਿੰਡੁ = ਸਰੀਰ। ਪੜੈ = ਢਹਿ ਪੈਂਦਾ ਹੈ। ਬਦਫੈਲੀ = ਵਿਕਾਰੀ, ਬੁਰੇ ਫੇਲਾਂ ਵਾਲੇ ॥੪॥

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ

The husband is delighted seeing his sons, and his wife upon his bed.

ਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ। ਵਿਗਸੀਐ = ਖ਼ੁਸ਼ ਹੋਈਦਾ ਹੈ।

ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ

He applies sandalwood and scented oils, and dresses himself in his beautiful clothes.

(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ); ਚੋਆ = ਅਤਰ।

ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥

But dust shall mix with dust, and he shall depart, leaving hearth and home behind. ||5||

ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥ ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ ॥੫॥

ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ

He may be called a chief, an emperor, a king, a governor or a lord;

ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ। ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ।

ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ

he may present himself as a leader or a chief, but this just burns him in the fire of egotistical pride.

(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।

ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥

The self-willed manmukh has forgotten the Naam. He is like straw, burning in the forest fire. ||6||

(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥ ਡਵਿ = ਡਵ ਨਾਲ, ਜੰਗਲ ਦੀ ਅੱਗ ਨਾਲ। ਦਧਾ = ਦੱਧਾ, ਸੜਿਆ ਹੋਇਆ। ਕਾਨੁ = ਕਾਨਾ ॥੬॥

ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ

Whoever comes into the world and indulges in ego, must depart.

ਜਗਤ ਵਿਚ ਜੋ ਭੀ ਆਇਆ ਹੈ 'ਮੈਂ ਵੱਡਾ, ਮੈਂ ਵੱਡਾ' ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।

ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ

The whole world is a store-house of lamp-black; the body and mind are blackened with it.

ਇਹ ਸਾਰਾ ਜਗਤ ਕੱਜਲ ਦੀ ਕੋਠੜੀ (ਸਮਾਨ) ਹੈ (ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ) ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ। ਦੇਹਿ = ਸਰੀਰ।

ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥

Those who are saved by the Guru are immaculate and pure; through the Word of the Shabad, they extinguish the fire of desire. ||7||

ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ ॥੭॥ ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਭਾਹਿ = ਅੱਗ, ਤ੍ਰਿਸ਼ਨਾ ॥੭॥

ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ

O Nanak, they swim across with the True Name of the Lord, the King above the heads of kings.

ਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ। ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ।

ਮੈ ਹਰਿ ਨਾਮੁ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ

May I never forget the Name of the Lord! I have purchased the Jewel of the Lord's Name.

ਹੇ ਨਾਨਕ! (ਅਰਦਾਸ ਕਰ ਕੇ ਆਖ-) ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ)। ਵੇਸਾਹੁ = ਪੂੰਜੀ।

ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥

The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ॥੮॥੧੬॥{63-64} ਪਚਿ = ਖ਼ੁਆਰ ਹੋ ਕੇ। ਅਥਾਹੁ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੮॥੧੬॥{63-64}