ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ

Goojaree, Padhay Of Jai Dayv Jee, Fourth House:

ਰਾਗ ਗੂਜਰੀ, ਘਰ ੪ ਵਿੱਚ ਭਗਤ ਜੈਦੇਵ ਜੀ ਦੀ ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ

In the very beginning, was the Primal Lord, unrivalled, the Lover of Truth and other virtues.

ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ (ਸਾਰੇ) ਗੁਣ ਮੌਜੂਦ ਹਨ। ਪਰਮਾਦਿ = ਪਰਮ-ਆਦਿ। ਪਰਮ = ਸਭ ਤੋਂ ਉੱਚਾ। ਆਦਿ = (ਸਭ ਦਾ) ਮੁੱਢ। ਪੁਰਖਮਨੋਪਿਮੰ = ਪੁਰਖੰ-ਅਨੋਪਿਮੰ {पुरूषं-अनुपिमं}। ਪੁਰਖ = ਸਭ ਵਿਆਪਕ। ਅਨੋਪਿਮ = {ਅਨ-ਉਪਮ} ਜਿਸ ਵਰਗਾ ਹੋਰ ਕੋਈ ਨਹੀਂ। ਸਤਿ = ਸਦਾ-ਥਿਰ ਰਹਿਣ ਵਾਲਾ। ਆਦਿ = ਆਦਿਕ। ਭਾਵ = ਗੁਣ। ਰਤੰ = ਰੱਤਾ ਹੋਇਆ, ਸੰਯੁਕਤ। ਸਤਿ ਆਦਿ ਭਾਵ ਰਤੰ = ਜਿਸ ਵਿਚ ਥਿਰਤਾ ਆਦਿਕ ਗੁਣ ਮੌਜੂਦ ਹਨ।

ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥

He is absolutely wonderful, transcending creation; remembering Him, all are emancipated. ||1||

ਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ, ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ ॥੧॥ ਪਰਮਦਭੁਤੰ = ਪਰੰ-ਅਦਭੁਤੰ। ਪਰੰ = ਬਹੁਤ ਹੀ। ਅਦਭੁਤ = ਅਸਚਰਜ। ਪਰਕ੍ਰਿਤਿ = ਪ੍ਰਕ੍ਰਿਤਿ, {प्रकृति}, ਮਾਇਆ। ਪਰਕ੍ਰਿਤਿ ਪਰੰ = ਮਾਇਆ ਤੋਂ ਪਾਰ। ਜਦਿਚਿੰਤਿ = ਜਦ-ਅਚਿੰਤਿ {यत्-अचिन्त्य}। ਜਦ = ਜੋ। ਅਚਿੰਤਿ = {अचिन्त्य incomprehensible} ਜਿਸ ਦਾ ਮੁਕੰਮਲ ਸਰੂਪ ਸੋਚ = ਮੰਡਲ ਵਿਚ ਨਹੀਂ ਆ ਸਕਦਾ। ਸਰਬ ਗਤੰ = ਜੋ ਹਰ ਥਾਂ ਅੱਪੜਿਆ ਹੋਇਆ ਹੈ ॥੧॥

ਕੇਵਲ ਰਾਮ ਨਾਮ ਮਨੋਰਮੰ

Dwell only upon the beauteous Name of the Lord,

ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਮਨੋਰਮੰ = {मनोरमं}, ਮਨ ਨੂੰ ਮੋਹਣ ਵਾਲਾ, ਸੁੰਦਰ। ਬਦਿ = {वद् to utter} ਬੋਲ, ਉੱਚਾਰ।

ਬਦਿ ਅੰਮ੍ਰਿਤ ਤਤ ਮਇਅੰ

the embodiment of ambrosial nectar and reality.

ਜੋ ਅੰਮ੍ਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ, ਅੰਮ੍ਰਿਤ ਮਇਅੰ = ਅੰਮ੍ਰਿਤ ਨਾਲ ਭਰਪੂਰ; ਅੰਮ੍ਰਿਤ-ਰੂਪ।

ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ

Remembering Him in meditation, the fear of birth, old age and death will not trouble you. ||1||Pause||

ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ, ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ ॥੧॥ ਰਹਾਉ ॥ ਦਨੋਤਿ = {दु = to afflict, ਦੁੱਖ ਦੇਣਾ} ਦੁੱਖ ਦੇਂਦਾ ਹੈ। ਜਸਮਰਣੇਨ = ਜਸ-ਸਮਰਣੇਨ {यस्य-स्मरणेन} ਜਸ = ਜੱਸ, ਜਿਸ ਦਾ। ਸਮਰਣੇਨ = ਸਿਮਰਨ ਕਰਨ ਨਾਲ। ਜਰਾਧਿ = (ਜਰਾ-ਆਧਿ। ਜਰਾ = ਬੁਢੇਪਾ। ਆਧਿ = ਰੋਗ, ਮਾਨਸਕ ਰੋਗ) ਬੁਢੇਪੇ ਦਾ ਰੋਗ, ਬੁਢੇਪਾ। ਭਇਅੰ = ਭਯ, ਡਰ ॥੧॥ ਰਹਾਉ ॥

ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ

If you desire to escape the fear of the Messenger of Death, then praise the Lord joyfully, and do good deeds.

ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈਂ ਤਾਂ ਸ਼ੁਭ ਕਾਰਜ ਕਰ; ਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ, ਇਛਸਿ = ਇੱਛਸਿ {इच्छसि}, ਜੋ ਤੂੰ ਚਾਹੁੰਦਾ ਹੈਂ। ਜਮਾਦਿ = ਜਮ-ਆਦਿ, ਜਮ ਆਦਿਕ। ਪਰਾਭਯੰ = {Skt. पराभवं, ਪਰਾਭਵੰ। भ = to become. पराभु = to defeat.} (ਕਿਸੇ ਨੂੰ) ਜਿੱਤਣਾ, (ਕਿਸੇ ਨੂੰ) ਸ਼ਿਕੱਸਤ ਦੇਣੀ। ਜਸੁ = ਸੋਭਾ, ਵਡਿਆਈ। ਸ੍ਵਸਤਿ {Skt. स्वस्ति} ਕਲਿਆਣ, ਸੁਖ। ਸੁਕ੍ਰਿਤ = ਭਲਾਈ, ਨੇਕ ਕੰਮ। ਸੁਕ੍ਰਿਤ ਕ੍ਰਿਤੰ = ਨੇਕ ਕੰਮ ਕਰਨਾ।

ਭਵ ਭੂਤ ਭਾਵ ਸਮਬੵਿਅੰ ਪਰਮੰ ਪ੍ਰਸੰਨਮਿਦੰ ॥੨॥

In the past, present and future, He is always the same; He is the embodiment of supreme bliss. ||2||

ਜੋ ਹੁਣ ,ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ ਖਿੜਿਆ ਰਹਿੰਦਾ ਹੈ ॥੨॥ ਭਵ = ਹੁਣ ਵਾਲਾ ਸਮਾ। ਭੂਤ = ਗੁਜ਼ਰ ਚੁੱਕਾ ਸਮਾ। ਭਾਵ = {ਭਾਵ੍ਯ} ਆਉਣ ਵਾਲਾ ਸਮਾ। ਸਮਬ੍ਯ੍ਯਿਅੰ = ਸੰ-ਅਬ੍ਯ੍ਯਿਅੰ {सं-अव्यवं; ਸੰ-ਅਵ੍ਯਯੰ। ਵ੍ਯਯੰ=ਬ੍ਯ੍ਯਿਅ, ਨਾਸ। ਅਵ੍ਯਯ=ਅਬ੍ਯ੍ਯਿਅ, ਨਾਸ ਰਹਿਤ। ਸੰ = ਪੂਰਨ ਤੌਰ ਤੇ} ਪੂਰਨ ਤੌਰ ਤੇ ਨਾਸ-ਰਹਿਤ। ਪ੍ਰਸੰਨਮਿਦੰ = ਪ੍ਰਸੰਨੰ-ਇਦੰ, {प्रसन्नं-इदं}। ਇਦੰ = ਇਹ (ਪਰਮਾਤਮਾ) ॥੨॥

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ

If you seek the path of good conduct, forsake greed, and do not look upon other men's property and women.

ਲੋਭ ਆਦਿਕ (ਵਿਕਾਰ) ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ, ਲੋਭਾਦਿ = ਲੋਭ-ਆਦਿ, ਲੋਭ ਆਦਿਕ। ਦ੍ਰਿਸਟਿ = ਨਜ਼ਰ। ਗ੍ਰਿਹ = ਘਰ। ਪਰ = ਪਰਾਇਆ। ਜਦਿਬਿਧਿ = ਜਦ-ਅਬਿਧਿ {यत्-अविधि}। ਜਦ = {यत्} ਜੋ। ਅਬਿਧਿ = ਅ-ਬਿਧਿ, ਵਿਧੀ ਦੇ ਉਲਟ, ਮਰਯਾਦਾ ਦੇ ਵਿਰੁੱਧ, ਮੰਦਾ। ਅਬਿਧਿ ਆਚਰਨ = ਮੰਦਾ ਆਚਰਨ।

ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥

Renounce all evil actions and evil inclinations, and hurry to the Sanctuary of the Lord. ||3||

ਸਾਰੇ ਮੰਦੇ ਕੰਮ ਛੱਡ ਦੇਹ, ਹੁਰਮਤਿ ਤਿਆਗ ਦੇਹ, ਤੇ ਪ੍ਰਭੂ ਦੀ ਸ਼ਰਨ ਭਜ ਤੇ ਕਰ ॥੩॥ ਤਜਿ = ਛੱਡ ਦੇਹ। ਸਕਲ = ਸਾਰੇ। ਦੁਹਕ੍ਰਿਤ = ਦੁਹ-ਕ੍ਰਿਤ, ਭੈੜੇ ਕੰਮ। ਦੁਰਮਤੀ = ਭੈੜੀ ਮੱਤ। ਭਜੁ = ਜਾਓ, ਪਵੋ। ਚਕ੍ਰਧਰ = ਚੱਕ੍ਰਧਾਰੀ, ਸੁਦਰਸ਼ਨ ਚੱਕ੍ਰਧਾਰੀ, ਉਹ ਪ੍ਰਭੂ ਜਿਸ ਦੇ ਹੱਥ ਵਿਚ ਸੁਦਰਸ਼ਨ ਚੱਕ੍ਰ ਹੈ, ਉਹ ਪ੍ਰਭੂ ਜੋ ਸਭ ਨੂੰ ਨਾਸ ਭੀ ਕਰ ਸਕਦਾ ਹੈ ॥੩॥

ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ

Worship the immaculate Lord, in thought, word and deed.

ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਵੀ ਪਵਿਤ੍ਰ ਹੁੰਦੇ ਹਨ)। ਹਰਿ ਭਗਤ ਨਿਜ = ਹਰੀ ਦੇ ਨਿਜ ਭਗਤ, ਪ੍ਰਭੂ ਦੇ ਆਪਣੇ ਭਗਤ, ਪ੍ਰਭੂ ਦੇ ਪਿਆਰੇ ਭਗਤ। ਨਿਹਕੇਵਲ {निस्-कैवल्य} ਪੂਰਨ ਤੌਰ ਤੇ ਪਵਿਤ੍ਰ। ਕਰਮਣਾ = {कर्मणा = in action। ਸੰਸਕ੍ਰਿਤ ਲਫ਼ਜ਼ 'ਕਰਮਨ' (कर्मन्) ਤੋਂ 'ਕਰਮਣਾ' (कमर्णा) ਕਰਣ ਕਾਰਕ Instrumental case ਇਕ-ਵਚਨ ਹੈ} ਕੰਮ ਦੀ ਰਾਹੀਂ ਕਰਤੂਤ ਤੋਂ। ਬਚਸਾ = {बचसा। ਸੰਸਕ੍ਰਿਤ ਦੇ ਲਫ਼ਜ਼ 'ਵਚਸ' (वचस्) ਤੋਂ 'ਵਚਸਾ' ਕਰਣ ਕਾਰਕ ਇਕ-ਵਚਨ} ਬਚਨ ਦੀ ਰਾਹੀਂ, (in word)।

ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥

What is the good of practicing Yoga, giving feasts and charity, and practicing penance? ||4||

ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ) ॥੪॥ ਕਿੰ = ਕੀਹ ਲਾਭ ਹੈ? (ਨੋਟ: ਜਦੋਂ ਸੰਸਕ੍ਰਿਤ ਲਫ਼ਜ਼ 'ਕਿੰ' ਦਾ ਅਰਥ ਹੋਵੇ 'ਇਸ ਦਾ ਕੀਹ ਲਾਭ ਹੈ? ਕੋਈ ਲਾਭ ਨਹੀਂ' ਤਾਂ ਜਿਸ ਲਫ਼ਜ਼ ਨਾਲ ਇਹ ਵਰਤਿਆ ਜਾਂਦਾ ਹੈ ਉਸ ਨੂੰ ਕਰਣ ਕਾਰਕ Instrumental case ਵਿਚ ਲਿਖੀਦਾ ਹੈ। ਤਾਹੀਏਂ ਲਫ਼ਜ਼ ਜੋਗੇਨ, ਜਗੇਨ, ਦਾਨੇਨ ਅਤੇ 'ਤਪਸਾ' ਕਰਣ ਕਾਰਕ ਵਿਚ ਵਰਤੇ ਗਏ ਹਨ)। ਤਪਸਾ = {ਲਫ਼ਜ਼ 'ਵਚਸਾ' ਵਾਂਗ 'ਤਪਸਾ' ਭੀ ਕਰਣ ਕਾਰਕ ਇਕ-ਵਚਨ ਹੈ, ਅਸਲ ਲਫ਼ਜ਼ ਹੈ 'ਤਪਸ' (तपस्)} ਤਪ ਦੀ ਰਾਹੀਂ। ਕਿੰ ਤਪਸਾ = ਤਪ ਦੀ ਰਾਹੀਂ ਕੀਹ ਲਾਭ? ਤਪ ਕਰਨ ਤੋਂ ਕੋਈ ਲਾਭ ਨਹੀਂ ॥੪॥

ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ

Meditate on the Lord of the Universe, the Lord of the Universe, O man; He is the source of all the spiritual powers of the Siddhas.

ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ ਖ਼ਜ਼ਾਨਾ ਹੈ। ਗੋਬਿੰਦੇਤਿ = ਗੋਬਿੰਦ-ਇਤਿ। ਇਤਿ = ਇਹ, ਇਉਂ। ਨਰ = ਹੇ ਨਰ! ਸਕਲ ਸਿਧਿ ਪਦੰ = ਸਾਰੀਆਂ ਸਿੱਧੀਆਂ ਦਾ ਟਿਕਾਣਾ।

ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥

Jai Dayv has openly come to Him; He is the salvation of all, in the past, present and future. ||5||1||

ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ ਵੇਲੇ ਹਰ ਥਾਂ ਮੌਜੂਦ ਹੈ ॥੫॥੧॥ ਤਸ = ਤੱਸ੍ਯ, ਉਸ ਦੀ (ਸਰਨ)। ਸਫੁਟੰ = ਪ੍ਰਤੱਖ ਤੌਰ ਤੇ, ਖੁਲ੍ਹਮ ਖੁਲ੍ਹਾ।੫ ॥੫॥੧॥