ਮਾਝ ਮਹਲਾ ੪ ॥

Maajh, Fourth Mehl:

ਮਾਝ, ਚਉਥੀ ਪਾਤਸਾਹੀ।

ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥

Through the Guru, I have obtained the Lord's spiritual wisdom. I have obtained the Sublime Essence of the Lord.

ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ। ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ।

ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥

My mind is imbued with the Love of the Lord; I drink in the Sublime Essence of the Lord.

ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।

ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

With my mouth, I chant the Name of the Lord, Har, Har; my mind is filled to overflowing with the Sublime Essence of the Lord. ||1||

(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥ ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਦਾ ਹਾਂ। ਹਰਿ ਰਸਿ = ਹਰੀ = ਨਾਮ ਦੇ ਰਸ ਵਿਚ। ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ। ਪਉਦਾ = ਪੈਂਦਾ ॥੧॥

ਆਵਹੁ ਸੰਤ ਮੈ ਗਲਿ ਮੇਲਾਈਐ ॥

Come, O Saints, and lead me to my Lord's Embrace.

ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ, ਗਲਿ = ਗਲ ਨਾਲ। ਮੈ = ਮੈਨੂੰ।

ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥

Recite to me the Sermon of my Beloved.

ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।

ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥

I dedicate my mind to those Saints of the Lord, who chant the Word of the Guru's Bani with their mouths. ||2||

ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥ ਦੇਵਾ = ਦੇਵਾਂ, ਮੈਂ ਦੇ ਦਿਆਂ। ਚਉਦਾ = ਬੋਲਦਾ ॥੨॥

ਵਡਭਾਗੀ ਹਰਿ ਸੰਤੁ ਮਿਲਾਇਆ ॥

By great good fortune, the Lord has led me to meet His Saint.

ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਸੰਤੁ = ਗੁਰੂ।

ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥

The Perfect Guru has placed the Sublime Essence of the Lord into my mouth.

ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ। ਗੁਰਿ ਪੂਰੈ = ਪੂਰੇ ਗੁਰੂ ਨੇ।

ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

The unfortunate ones do not find the True Guru; the self-willed manmukhs continually endure reincarnation through the womb. ||3||

ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ ॥੩॥

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

God, the Merciful, has Himself bestowed His Mercy.

ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ, ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ।

ਮਲੁ ਹਉਮੈ ਬਿਖਿਆ ਸਭ ਨਿਵਾਰੀ ॥

He has totally removed the poisonous pollution of egotism.

ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ। ਬਿਖਿਆ = ਮਾਇਆ। ਨਿਵਾਰੀ = ਦੂਰ ਕਰ ਦਿੱਤੀ।

ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

O Nanak, in the shops of the city of the human body, the Gurmukhs buy the merchandise of the Lord's Name. ||4||5||

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥ ਪਟਣ = ਸ਼ਹਰ। ਕਾਂਇਆ = ਸਰੀਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ॥੪॥