ਸੋਰਠਿ ਮਹਲਾ ੧ ॥
Sorat'h, First Mehl:
ਸੋਰਠਿ ਪਹਿਲੀ ਪਾਤਿਸ਼ਾਹੀ।
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
Like a fish without water is the faithless cynic, who dies of thirst.
ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ। ਮੀਨਾ = ਮੱਛੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਮਰੈ = ਆਤਮਕ ਮੌਤੇ ਮਰਦਾ ਹੈ। ਪਿਆਸ = ਮਾਇਆ ਦੀ ਤ੍ਰਿਸ਼ਨਾ।
ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
So shall you die, O mind, without the Lord, as your breath goes in vain. ||1||
ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥ ਬਿਰਥਾ = ਖ਼ਾਲੀ ॥੧॥
ਮਨ ਰੇ ਰਾਮ ਨਾਮ ਜਸੁ ਲੇਇ ॥
O mind, chant the Lord's Name, and praise Him.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ। ਜਸੁ = ਸੋਭਾ, ਵਡਿਆਈ।
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
Without the Guru, how will you obtain this juice? The Guru shall unite you with the Lord. ||Pause||
(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥ ਕਿਉ ਲਹਉ = ਮੈਂ ਕਿਵੇਂ ਲੱਭਾਂ? ਮੈਨੂੰ ਨਹੀਂ ਲੱਭ ਸਕਦਾ। ਦੇਇ = ਦੇਂਦਾ ਹੈ ॥ ਰਹਾਉ॥
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
For the Gurmukh, meeting with the Society of the Saints is like making a pilgrimage to a sacred shrine.
(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ। ਮਿਲੁ = {ਹੁਕਮੀ ਭੀਵੱਖਤ, ਮੱਧਮ ਪੁਰਖ, ਇਕ-ਵਚਨ} ਮਿਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ।
ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥
The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥ ਅਠਸਠਿ = ਅਠਾਹਠ {ਲਫ਼ਜ਼ 'ਤੀਰਥੁ' ਇਕ-ਵਚਨ ਹੈ, 'ਤੀਰਥ' ਬਹੁ-ਵਚਨ ਹੈ}। ਮਜਨਾ = ਇਸ਼ਨਾਨ। ਗੁਰ ਦਰਸੁ = ਗੁਰੂ ਦਾ ਦਰਸਨ ॥੨॥
ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
Like the Yogi without abstinence, and like penance without truth and contentment,
ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ। ਜਤ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣਾ।
ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
so is the body without the Lord's Name; death will slay it, because of the sin within. ||3||
ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥ ਦੇਹੁਰੀ = ਸਰੀਰ। ਜਮੁ = ਮੌਤ, ਮੌਤ ਦਾ ਡਰ। ਦੋਖੁ = ਵਿਕਾਰ ॥੩॥
ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥
The faithless cynic does not obtain the Lord's Love; the Lord's Love is obtained only through the True Guru.
(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ। ਸਾਕਤ = ਸਾਕਤਾਂ ਪਾਸੋਂ। ਭਾਇ = ਪ੍ਰੇਮ ਵਿਚ।
ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥
One who meets with the Guru, the Giver of pleasure and pain, says Nanak, is absorbed in the Lord's Praise. ||4||7||
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥ ਸਮਾਇ = ਲੀਨ ਰਹਿੰਦਾ ਹੈ ॥੪॥੭॥