ਮਾਝ ਮਹਲਾ

Maajh, Third Mehl:

ਮਾਝ, ਤੀਜੀ ਪਾਤਸ਼ਾਹੀ।

ਹਰਿ ਆਪੇ ਮੇਲੇ ਸੇਵ ਕਰਾਏ

The Lord Himself leads us to merge with Him and serve Him.

ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ। ਸੇਵ = ਸੇਵਾ ਭਗਤੀ।

ਗੁਰ ਕੈ ਸਬਦਿ ਭਾਉ ਦੂਜਾ ਜਾਏ

Through the Word of the Guru's Shabad, the love of duality is eradicated.

(ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ। ਸਬਦਿ = ਸ਼ਬਦ ਵਿਚ ਜੁੜਿਆਂ। ਦੂਜਾ ਭਾਉ = ਮਾਇਆ ਦਾ ਪਿਆਰ।

ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥

The Immaculate Lord is the Bestower of eternal virtue. The Lord Himself leads us to merge in His Virtuous Goodness. ||1||

ਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ ॥੧॥

ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ

I am a sacrifice, my soul is a sacrifice, to those who enshrine the Truest of the True within their hearts.

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ। ਸਚੁ ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

ਸਚਾ ਨਾਮੁ ਸਦਾ ਹੈ ਨਿਰਮਲੁ ਗੁਰਸਬਦੀ ਮੰਨਿ ਵਸਾਵਣਿਆ ॥੧॥ ਰਹਾਉ

The True Name is eternally pure and immaculate. Through the Word of the Guru's Shabad, it is enshrined within the mind. ||1||Pause||

ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥

ਆਪੇ ਗੁਰੁ ਦਾਤਾ ਕਰਮਿ ਬਿਧਾਤਾ

The Guru Himself is the Giver, the Architect of Destiny.

ਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ। ਕਰਮਿ = ਹਰੇਕ ਜੀਵ ਦੇ ਕੀਤੇ ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।

ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ

The Gurmukh, the humble servant who serves the Lord, comes to know Him.

ਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।

ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥

Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||

ਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥

ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ

Within the cave of this body, there is one beautiful place.

ਉਸ (ਮਨੁੱਖ) ਦੇ ਇਸ ਸਰੀਰ-ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ-ਥਾਂ ਸੁੰਦਰ ਬਣ ਗਿਆ,

ਪੂਰੈ ਗੁਰਿ ਹਉਮੈ ਭਰਮੁ ਚੁਕਾਇਆ

Through the Perfect Guru, ego and doubt are dispelled.

(ਜਿਸ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ। ਗੁਰਿ = ਗੁਰੂ ਨੇ। ਅਨਦਿਨੁ = ਹਰ ਰੋਜ਼।

ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥

Night and day, praise the Naam, the Name of the Lord; imbued with the Lord's Love, by Guru's Grace, you shall find Him. ||3||

(ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩॥

ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ

Through the Word of the Guru's Shabad, search this cave.

ਇਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣੇ ਸਰੀਰ-ਗੁਫ਼ਾ ਵਿਚ ਪ੍ਰਭੂ ਦੇ ਗੁਣ ਵਿਚਾਰਦਾ ਹੈ, ਇਹੁ = ਇਹ ਜੀਵ।

ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ

The Immaculate Naam, the Name of the Lord, abides deep within the self.

ਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ। ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ-ਰੂਪ ਕਾਲਖ ਤੋਂ ਰਹਿਤ।

ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥

Sing the Glorious Praises of the Lord, and decorate yourself with the Shabad. Meeting with your Beloved, you shall find peace. ||4||

ਉਸ ਗੁਰੂ ਦੇ ਸ਼ਬਦ ਵਿਚ {ਜੁੜ ਕੇ ਜਿਉਂ ਜਿਉਂ} ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ, ਪ੍ਰੀਤਮ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੪॥

ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ

The Messenger of Death imposes his tax on those who are attached to duality.

ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ ਹੈ, ਉਸ ਪਾਸੋਂ) ਮਸੂਲੀਆ ਜਮ-ਰਾਜ ਮਸੂਲ ਲੈਂਦਾ ਹੈ। ਜਾਗਾਤੀ = ਮਸੂਲੀਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਰੁ = ਮਸੂਲ।

ਨਾਵਹੁ ਭੂਲੇ ਦੇਇ ਸਜਾਏ

He inflicts punishment on those who forget the Name.

ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਉਸ ਮਨੁੱਖ ਨੂੰ ਸਜ਼ਾ ਦੇਂਦਾ ਹੈ।

ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥

They are called to account for each instant and each moment. Every grain, every particle, is weighed and counted. ||5||

(ਜਮਰਾਜ ਮਸੂਲੀਆ) ਉਸ ਪਾਸੋਂ ਉਸ ਦੀ ਜ਼ਿੰਦਗੀ ਦੀ ਇਕ ਇਕ ਘੜੀ ਦਾ, ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇਕ ਇਕ ਰੱਤੀ ਕਰ ਕੇ, ਇਕ ਇਕ ਮਾਸਾ ਕਰ ਕੇ ਜਮਰਾਜ ਉਸ ਦੇ ਜੀਵਨ-ਕਰਮਾਂ ਦਾ ਤੋਲ ਕਰਾਂਦਾ ਹੈ ॥੫॥ ਰਤੀਅਹੁ = ਇਕ ਰੱਤੀ ਤੋਂ ॥੫॥

ਪੇਈਅੜੈ ਪਿਰੁ ਚੇਤੇ ਨਾਹੀ

One who does not remember her Husband Lord in this world is being cheated by duality;

ਜੇਹੜੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਜੀਵਨ ਵਿਚ) ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ, ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ।

ਦੂਜੈ ਮੁਠੀ ਰੋਵੈ ਧਾਹੀ

She shall weep bitterly in the end.

ਤੇ ਮਾਇਆ ਦੇ ਮੋਹ ਵਿਚ ਪੈ ਕੇ (-ਆਤਮਕ ਗੁਣਾਂ ਦੀ ਰਾਸਿ ਪੂੰਜੀ) ਲੁਟਾਂਦੀ ਰਹਿੰਦੀ ਹੈ, ਉਹ (ਲੇਖਾ ਦੇਣ ਵੇਲੇ) ਢਾਹਾਂ ਮਾਰ ਮਾਰ ਕੇ ਰੋਂਦੀ ਹੈ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ। ਧਾਹੀ = ਢਾਹਾਂ ਮਾਰ ਮਾਰ ਕੇ।

ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥

She is from an evil family; she is ugly and vile. Even in her dreams, she does not meet her Husband Lord. ||6||

ਉਹ ਜੀਵ-ਇਸਤ੍ਰੀ ਭੈੜੇ ਘਰ ਦੀ ਭੈੜੇ ਰੂਪ ਵਾਲੀ ਭੈੜੇ ਲੱਛਣਾਂ ਵਾਲੀ ਹੀ ਕਹੀ ਜਾਂਦੀ ਹੈ, (ਪੇਕੇ ਘਰ ਰਹਿੰਦਿਆਂ) ਉਸ ਨੇ ਕਦੇ ਸੁਪਨੇ ਵਿਚ ਭੀ ਪ੍ਰਭੂ ਮਿਲਾਪ ਨਾਹ ਕੀਤਾ ॥੬॥ ਖਰੀ = ਬਹੁਤ। ਕੁਆਲਿਓ = {ਕੁ-ਆਲਯ} ਭੈੜੇ ਘਰ ਦੀ ॥੬॥

ਪੇਈਅੜੈ ਪਿਰੁ ਮੰਨਿ ਵਸਾਇਆ

She who enshrines her Husband Lord in her mind in this world

ਪੇਕੇ ਘਰ ਵਿਚ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿਚ ਰੱਖਿਆ, ਮੰਨਿ = ਮਨਿ, ਮਨ ਵਿਚ।

ਪੂਰੈ ਗੁਰਿ ਹਦੂਰਿ ਦਿਖਾਇਆ

His Presence is revealed to her by the Perfect Guru.

ਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ. ਹਦੂਰਿ = ਅੰਗ ਸੰਗ।

ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥

That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ ॥੭॥ ਕਾਮਣਿ = (ਜੀਵ) ਇਸਤ੍ਰੀ। ਕੰਠਿ = ਗਲ ਨਾਲ ॥੭॥

ਆਪੇ ਦੇਵੈ ਸਦਿ ਬੁਲਾਏ

The Lord Himself sends out the call, and He summons us to His Presence.

(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ (ਜੀਵ ਨੂੰ) ਸੱਦ ਕੇ ਬੁਲਾ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ। ਸਦਿ = ਸੱਦ ਕੇ। ਬੁਲਾਏ = ਬੁਲਾਇ, ਬੁਲਾ ਕੇ।

ਆਪਣਾ ਨਾਉ ਮੰਨਿ ਵਸਾਏ

He enshrines His Name within our minds.

ਆਪ ਹੀ ਆਪਣਾ ਨਾਮ (ਜੀਵ ਦੇ) ਮਨ ਵਿਚ ਵਸਾਂਦਾ ਹੈ।

ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

O Nanak, one who receives the greatness of the Naam night and day, constantly sings His Glorious Praises. ||8||28||29||

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ, ਉਹ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੨੯॥