ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
Worship the Guru, the Transcendent Lord, with your mind and body attuned to love.
ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ। ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ।
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
The True Guru is the Giver of the soul; He gives Support to all.
ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ। ਜੀਅ ਕਾ = ਜਿੰਦ ਦਾ, ਆਤਮਕ ਜੀਵਨ ਦਾ। ਸਭਸੈ = (ਸਰਨ ਆਏ) ਹਰੇਕ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ।
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
Act according to the Instructions of the True Guru; this is the true philosophy.
ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ)।
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥
Without being attuned to the Saadh Sangat, the Company of the Holy, all attachment to Maya is just dust. ||1||
ਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ॥੧॥ ਸਾਧੂ = ਗੁਰੂ। ਛਾਰੁ = ਸੁਆਹ, ਵਿਅਰਥ॥੧॥
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
O my friend, reflect upon the Name of the Lord, Har, Har
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ)। ਸਮਾਲਿ = ਹਿਰਦੇ ਵਿਚ ਵਸਾ।
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥
. In the Saadh Sangat, He dwells within the mind, and one's works are brought to perfect fruition. ||1||Pause||
ਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ॥੧॥ ਰਹਾਉ ॥ ਮਨਿ = ਮਨ ਵਿਚ। ਘਾਲ = ਮਿਹਨਤ। ਪੂਰਨ = ਸਫਲ॥੧॥ਰਹਾਉ॥
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
The Guru is All-powerful, the Guru is Infinite. By great good fortune, the Blessed Vision of His Darshan is obtained.
ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ।
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
The Guru is Imperceptible, Immaculate and Pure. There is no other as great as the Guru.
ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ।
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
The Guru is the Creator, the Guru is the Doer. The Gurmukh obtains true glory.
ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸੋਇ = ਸੋਭਾ।
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
Nothing is beyond the Guru; whatever He wishes comes to pass. ||2||
ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ॥੨॥ ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ॥੨॥
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
The Guru is the Sacred Shrine of Pilgrimage, the Guru is the Wish-fulfilling Elysian Tree.
ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ। ਪਾਰਜਾਤੁ = {पारिजात} ਸਵਰਗ ਦੇ ਪੰਜ ਰੁੱਖਾਂ ਵਿਚੋਂ ਇਕ 'ਪਾਰਜਾਤ' ਰੁੱਖ ਹੈ ਜੋ ਮਨੋਕਾਮਨਾ ਪੂਰੀਆਂ ਕਰਦਾ ਹੈ। ਉਹ ਪੰਜ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਅਤੇ ਹਰੀ = ਚੰਦਨ। ਸਮੁੰਦਰ ਰਿੜਕਨ ਤੇ ਇਹ ਪਾਰਜਾਤ ਰੁੱਖ ਦੇਵਤਿਆਂ ਨੂੰ ਚੌਦਾਂ ਰਤਨਾਂ ਵਿਚ ਹੀ ਲੱਭਾ ਸੀ। ਵੰਡ ਵੇਲੇ ਇਹ ਇੰਦ੍ਰ ਦੇ ਕਬਜ਼ੇ ਵਿਚ ਆਇਆ। ਕ੍ਰਿਸ਼ਨ ਜੀ ਨੇ ਉਸ ਤੋਂ ਖੋਹ ਕੇ ਆਪਣੀ ਪਿਆਰੀ 'ਸਤਯ ਭਾਮਾਂ' ਦੇ ਵਿਹੜੇ ਵਿਚ ਲਾ ਦਿੱਤਾ। {पारमस्या स्तीति पारी समुद्र स्तत्र जातः, तस्य समुद्रौत्पन्नत्वात्}। ਮਨਸਾ = {मनीषा} ਇੱਛਾ।
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
The Guru is the Fulfiller of the desires of the mind. The Guru is the Giver of the Name of the Lord, by which all the world is saved.
ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
The Guru is All-powerful, the Guru is Formless; the Guru is Lofty, Inaccessible and Infinite.
ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਅਗਮ = ਅਪਹੁੰਚ।
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥
The Praise of the Guru is so sublime-what can any speaker say? ||3||
ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ॥੩॥ ਅਗਮ = ਅਪਹੁੰਚ॥੩॥
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
All the rewards which the mind desires are with the True Guru.
ਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ। ਬਾਛੀਅਹਿ = ਇੱਛੇ ਜਾਂਦੇ ਹਨ। ਤਿਤੜੇ = ਉਹ ਸਾਰੇ।
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
One whose destiny is so pre-ordained, obtains the Wealth of the True Name.
ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ। ਦੇ = ਦੇਂਦਾ ਹੈ। ਰਾਸਿ = ਸਰਮਾਇਆ।
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
Entering the Sanctuary of the True Guru, you shall never die again.
ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ। ਬਿਨਾਸੁ = (ਆਤਮਕ) ਮੌਤ।
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥
Nanak: may I never forget You, Lord. This soul, body and breath are Yours. ||4||29||99||
ਹੇ ਨਾਨਕ! (ਆਖ-) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ॥੪॥੨੯॥੯੯॥ ਵਿਸਰਉ = ਵਿਸਰਉਂ, ਮੈਂ ਭੁੱਲਾਂ। ਜੀਉ = ਜਿੰਦ। ਪਿੰਡੁ = ਸਰੀਰ। ਸਾਸੁ = ਸਾਹ॥੪॥