ਪਉੜੀ ॥
Pauree:
ਪਉੜੀ।
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥
Those who do not become Gurmukh and earn the wealth of the Lord's Name, are bankrupt in this age.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੇਵਾਲੀਏ = ਮਨੁੱਖਾ ਜੀਵਨ ਦੀ ਬਾਜ਼ੀ ਹਾਰੇ ਹੋਏ। ਜੁਗ ਮਾਹਿ = ਜਗਤ ਵਿਚ।
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
They wander around begging all over the world, but no one even spits in their faces.
ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਮੁਹਿ = ਮੂੰਹ ਉਤੇ। ਨ ਪਾਹਿ = ਨਹੀਂ ਪਾਂਦੇ।
ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥
They gossip about others, and lose their credit, and expose themselves as well.
ਹੇ ਭਾਈ! ਇਹੋ ਜਿਹੇ ਬੰਦੇ ਦੂਜਿਆਂ ਦੀ ਨਿੰਦਾ ਕਰਦੇ ਹਨ (ਤੇ ਇਸ ਤਰ੍ਹਾਂ) ਆਪਣਾ ਇਤਬਾਰ ਗਵਾ ਲੈਂਦੇ ਹਨ, ਸਗੋਂ ਚੰਗੀ ਤਰ੍ਹਾਂ ਆਪਣਾ (ਭੈੜਾ) ਅਸਲਾ ਨਸ਼ਰ ਕਰਦੇ ਹਨ। ਬਖੀਲੀ = ਨਿੰਦਾ, ਚੁਗ਼ਲੀ। ਪਰਤੀਤਿ = ਇਤਬਾਰ। ਖੋਵਨਿ = ਗਵਾ ਲੈਂਦੇ ਹਨ। ਸਗਵਾ = ਸਗੋਂ ਚੰਗੀ ਤਰ੍ਹਾਂ। ਆਪੁ = ਆਪਣਾ (ਭੈੜਾ) ਅਸਲਾ। ਲਖਾਹਿ = ਨਸ਼ਰ ਕਰਦੇ ਹਨ।
ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥
That wealth, for which they slander others, does not come into their hands, no matter where they go.
ਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰ (ਲਾਲਚ ਵਿਚ ਆ ਕੇ) ਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ। ਕਾਰਣਿ = ਵਾਸਤੇ। ਹਥਿ = ਹੱਥ ਵਿਚ। ਜਾਹਿ = ਜਾਣ।
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥
Through loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
ਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ॥੮॥ ਸੇਵਕ ਭਾਇ = ਸੇਵਕ-ਭਾਵਨਾ ਨਾਲ। ਕਰਮਹੀਣ = ਅਭਾਗੇ ਬੰਦੇ। ਹੋਰਥੈ = ਕਿਸੇ ਹੋਰ ਥਾਂ। ਦਿਸੰਤਰਿ = ਹੋਰ ਦੇਸ ਵਿਚ ॥੮॥