ਭੈਰਉ ਮਹਲਾ

Bhairao, Fourth Mehl:

ਭੈਰਉ ਚੌਥੀ ਪਾਤਿਸ਼ਾਹੀ।

ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ

That is Your True Congregation, Lord, where the Kirtan of the Lord's Praises are heard.

ਹੇ ਹਰੀ! (ਉਹੀ ਇਕੱਠ) ਤੇਰੀ ਸਾਧ ਸੰਗਤ (ਅਖਵਾ ਸਕਦਾ) ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਸੁਣੀ ਜਾਂਦੀ ਹੈ। ਸਾਈ = ਉਹੀ {ਇਸਤ੍ਰੀ ਲਿੰਗ}। ਜਿਤੁ = ਜਿਸ ਵਿਚ। ਕੀਰਤਿ = ਸਿਫ਼ਤ-ਸਾਲਾਹ। ਸੁਨਣੇ = ਸੁਣੀ ਜਾਏ।

ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥

The minds of those who listen to the Lord's Name are drenched with bliss; I worship their feet continually. ||1||

(ਸਾਧ ਸੰਗਤ ਵਿਚ ਰਹਿ ਕੇ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਹੈ (ਸਾਧ ਸੰਗਤ ਵਿਚ ਟਿਕ ਕੇ) ਜਿਨ੍ਹਾਂ ਦਾ ਮਨ (ਹਰਿ-ਨਾਮ ਅੰਮ੍ਰਿਤ ਵਿਚ) ਭਿੱਜ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ (ਆਪਣੀ) ਸੁਭਾਗਤਾ ਸਮਝਦਾ ਹਾਂ ॥੧॥ ਭੀਨਾ = ਭਿੱਜ ਗਿਆ। ਤਿਨ ਚਰਣੇ = ਉਹਨਾਂ ਦੇ ਚਰਨ। ਹਮ ਸ੍ਰੇਵਹ = ਅਸੀਂ ਸੇਵੀਏ, ਮੈਂ ਸੇਵਾਂ ॥੧॥

ਜਗਜੀਵਨੁ ਹਰਿ ਧਿਆਇ ਤਰਣੇ

Meditating on the Lord, the Life of the World, the mortals cross over.

ਜਗਤ ਦੇ ਜੀਵਨ ਪ੍ਰਭੂ ਨੂੰ ਹਰੀ ਨੂੰ ਸਿਮਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਧਿਆਇ = ਸਿਮਰ ਕੇ। ਤਰਣੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ।

ਅਨੇਕ ਅਸੰਖ ਨਾਮ ਹਰਿ ਤੇਰੇ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ

Your Names are so many, they are countless, O Lord. This tongue of mine cannot even count them. ||1||Pause||

ਹੇ ਹਰੀ! (ਤੇਰੀਆਂ ਸਿਫ਼ਤਾਂ ਤੋਂ ਬਣੇ ਹੋਏ) ਤੇਰੇ ਨਾਮ ਅਨੇਕਾਂ ਹਨ ਅਣਗਿਣਤ ਹਨ, ਇਸ ਜੀਭ ਨਾਲ ਗਿਣੇ ਨਹੀਂ ਜਾ ਸਕਦੇ ॥੧॥ ਰਹਾਉ ॥ ਅਸੰਖ = ਅਣ-ਗਿਣਤ {ਸੰਖਿਆ = ਗਿਣਤੀ}। ਹਰਿ = ਹੇ ਹਰੀ! ਜਿਹਵਾ = ਜੀਭ। ਇਤੁ = ਇਸ ਦੀ ਰਾਹੀਂ। ਜਿਹਵਾ ਇਤੁ = ਇਸ ਜੀਭ ਨਾਲ ॥੧॥ ਰਹਾਉ ॥

ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ

O Gursikhs, chant the Lord's Name, and sing the Praises of the Lord. Take the Guru's Teachings, and meditate on the Lord.

ਹੇ ਗੁਰੂ ਦੇ ਸਿੱਖੋ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਉਚਾਰਿਆ ਕਰੋ, ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਵਿਆ ਕਰੋ, ਹਰੀ ਦਾ ਨਾਮ ਜਪਿਆ ਕਰੋ। ਗੁਰਸਿਖ = ਹੇ ਗੁਰੂ ਦੇ ਸਿੱਖੋ! ਲੇ = ਲੈ ਕੇ।

ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥

Whoever listens to the Guru's Teachings - that humble being receives countless comforts and pleasures from the Lord. ||2||

ਹੇ ਗੁਰਸਿੱਖੋ! ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ (ਸਰਧਾ ਨਾਲ) ਸੁਣਦਾ ਹੈ, ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ ॥੨॥ ਕੇਰਾ = ਦਾ। ਘਣੇ = ਬਹੁਤ ॥੨॥

ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ

Blessed is the ancestry, blessed is the father, and blessed is that mother who gave birth to this humble servant.

ਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ। ਧੰਨੁ = ਸੋਭਾ ਵਾਲਾ। ਵੰਸੁ = ਕੁਲ, ਖ਼ਾਨਦਾਨ। ਜਿਨਿ = ਜਿਸ ਨੇ। ਜਨ = ਭਗਤ। ਜਣੇ = ਜੰਮੇ, ਜਨਮ ਦਿੱਤਾ।

ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥

Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||

ਜਿਨ੍ਹਾਂ ਮਨੁੱਖਾਂ ਨੇ ਆਪਣੇ ਹਰੇਕ ਸਾਹ ਦੇ ਨਾਲ ਆਪਣੀ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਸੋਭਾ ਵਾਲੇ ਬਣ ਜਾਂਦੇ ਹਨ ॥੩॥ ਜਿਨ = ਜਿਨ੍ਹਾਂ ਨੇ {ਬਹੁ-ਵਚਨ}। 'ਜਿਨਿ' {ਇਕ-ਵਚਨ}। ਸਾਸਿ = (ਹਰੇਕ) ਸਾਹ ਨਾਲ। ਗਿਰਾਸਿ = (ਹਰੇਕ) ਗਿਰਾਹੀ ਨਾਲ। ਸੇ = ਉਹ {ਬਹੁ-ਵਚਨ}। ਸਾਚੀ = ਸਦਾ ਕਾਇਮ ਰਹਿਣ ਵਾਲੀ। ਬਣੇ = ਸੋਭਾ ਵਾਲੇ ਹੋਏ ॥੩॥

ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ

O Lord, Har, Har, Your Names are profound and infinite; Your devotees cherish them deep within.

ਹੇ ਹਰੀ! (ਤੇਰੇ ਬੇਅੰਤ ਗੁਣਾਂ ਦੇ ਕਾਰਨ) ਤੇਰੇ ਬੇਅੰਤ ਹੀ ਨਾਮ ਹਨ, ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿਚ ਟਿਕਾਏ ਹੋਏ ਹਨ। ਅਗਮ = ਅਪਹੁੰਚ। ਧਰਣੇ = ਰੱਖੇ ਹੋਏ ਹਨ।

ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥

Servant Nanak has obained the wisdom of the Guru's Teachings; meditating on the Lord, Har, Har, he crosses over to the other side. ||4||3||7||

ਹੇ ਨਾਨਕ! ਜਿਸ ਜਿਸ ਸੇਵਕ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਹ ਸਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥੭॥ ਜਨਿ = ਜਨ ਨੇ, (ਜਿਸ) ਸੇਵਕ ਨੇ। ਪਾਰਿ ਪਵਣੇ = ਪਾਰ ਲੰਘ ਜਾਂਦੇ ਹਨ ॥੪॥੩॥੭॥