ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥
Who can I tell, and with whom can I speak, about this state of peace and bliss?
ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ, ਓੁਇ = {ਲਫ਼ਜ਼ 'ਓੁਹੁ' ਤੋਂ ਬਹੁ-ਵਚਨ। ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਓਇ' ਹੈ। ਇੱਥੇ 'ਉਇ' ਪੜ੍ਹਨਾ ਹੈ}। ਕਾ ਸਿਉ = ਕਿਸ ਨਾਲ? ਕਿਸ ਅੱਗੇ? ਬਰਨਿ = ਬਿਆਨ ਕਰ ਕੇ।
ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
I am in ecstasy and delight, gazing upon the Blessed Vision of God's Darshan. My mind sings His Songs of Joy and His Glories. ||1||Pause||
ਜਿਹੜੇ ਆਨੰਦ ਕੌਤਕ ਪ੍ਰਭੂ ਦਾ ਦਰਸਨ ਕਰਦਿਆਂ ਪੈਦਾ ਹੁੰਦੇ ਹਨ, ਪ੍ਰਭੂ ਦੇ ਗੁਣ ਗਾਂਦਿਆਂ ਮਨ ਦੀਆਂ ਜਿਹੜੀਆਂ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ (ਉਹ ਬਿਆਨ ਨਹੀਂ ਹੋ ਸਕਦੀਆਂ) ॥੧॥ ਰਹਾਉ ॥ ਪੇਖਿ ਪ੍ਰਭ ਦਰਸਨ = ਪ੍ਰਭੂ ਦਾ ਦਰਸਨ ਵੇਖ ਕੇ। ਮਨਿ = ਮਨ ਵਿਚ। ਮੰਗਲ = ਖ਼ੁਸ਼ੀਆਂ ॥੧॥ ਰਹਾਉ ॥
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥
I am wonderstruck, gazing upon the Wondrous Lord. The Merciful Lord is All-pervading everywhere.
ਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ। ਬਿਸਮ = ਹੈਰਾਨ। ਪੇਖਿ = ਵੇਖ ਕੇ। ਬਿਸਮਾਦੀ = ਅਚਰਜ-ਰੂਪ ਪ੍ਰਭੂ। ਕਿਰਪਾਵਤ = ਕਿਰਪਾਲ ਹਰੀ।
ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥
I drink in the Invaluable Nectar of the Naam, the Name of the Lord. Like the mute, I can only smile - I cannot speak of its flavor. ||1||
ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ॥੧॥ ਪੀਓ = ਪੀ ਲਿਆ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਚਾਖਿ = ਚੱਖ ਕੇ ॥੧॥
ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥
As the breath is held in bondage, no one can understand its coming in and going out.
ਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ, ਪਵਨੁ = ਹਵਾ, ਪ੍ਰਾਣ। ਬੰਧ ਕਰਿ = ਬੰਨ੍ਹ ਕੇ, ਰੋਕ ਕੇ। ਬੂਝ = ਸਮਝ। ਆਵਤ ਜਾਵਤ = (ਪ੍ਰਾਣਾਂ ਦੇ) ਆਉਂਦਿਆਂ ਜਾਂਦਿਆਂ ਦੀ।
ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥
So is that person, whose heart is enlightened by the Lord - his story cannot be told. ||2||
(ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ॥੨॥ ਜਾ ਕਉ ਰਿਦੈ = ਜਿਸ ਦੇ ਹਿਰਦੇ ਵਿਚ। ਉਆ ਕੀ ਕਹਾਵਤ = ਉਸ ਦੀ ਦਸ਼ਾ ॥੨॥
ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥
As many other efforts as you can think of - I have seen them and studied them all.
(ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ। ਆਨ = {अन्य} ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਜੇਤੇ = ਜਿਤਨੇ ਭੀ। ਕਹੀਅਹਿ = ਆਖੇ ਜਾਂਦੇ ਹਨ। ਤੇਤੇ = ਉਹ ਸਾਰੇ। ਸੀਖੇ = (ਕਿਸੇ ਪਾਸੋਂ) ਸਿੱਖਿਆਂ। ਪਾਵਤ = ਸਿੱਖੇ ਜਾਂਦੇ ਹਨ।
ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥
My Beloved, Carefree Lord has revealed Himself within the home of my own heart; thus I have realized the Inaccessible Lord. ||3||
ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ-ਘਰ ਦੇ ਅੰਦਰ ਹੀ ਪਰਗਟ ਹੋ ਜਾਂਦਾ ਹੈ (ਜਿਸ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ) ਪਰਖ ਕਰਨੀ ਕਠਨ ਜਿਹਾ ਕੰਮ ਹੈ ॥੩॥ ਅਚਿੰਤ = ਚਿੰਤਾ ਦੂਰ ਕਰਨ ਵਾਲਾ ਹਰੀ। ਗ੍ਰਿਹ ਭੀਤਰਿ = ਹਿਰਦੇ ਦੇ ਅੰਦਰ ਹੀ। ਅਗਮ ਜੈਸੇ = ਕਠਨ ਜਿਹਾ। ਪਰਖਾਵਤ = (ਉਸ ਦਾ) ਪਰਖਣਾ ॥੩॥
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥
The Absolute, Formless, Eternally Unchanging, Immeasurable Lord cannot be measured.
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰਮਾਤਮਾ ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਨਿਰੰਕਾਰ = ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥
Says Nanak, whoever endures the unendurable - this state belongs to him alone. ||4||9||
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) ॥੪॥੯॥ ਅਜਰੁ = {ਅ-ਜਰੁ} ਜਿਸ ਨੂੰ ਜਰਾ ਨਹੀਂ ਵਿਆਪ ਸਕਦਾ {ਜਰਾ = ਬੁਢੇਪਾ}। ਜਿਨਿ = ਜਿਸ (ਮਨੁੱਖ) ਨੇ। ਜਰਿਆ = ਜੜਿਆ, ਹਿਰਦੇ ਵਿਚ ਪ੍ਰੋ ਲਿਆ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਬਨਿ ਆਵਤ = ਫਬਦਾ ਹੈ, ਜਾਣਦਾ ਹੈ ॥੪॥੯॥