ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬ ॥
Raag Bilaaval, Fifth Mehl, Chau-Padhay And Dho-Padhay, Sixth House:
ਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
O my fascinating Lord, let me not listen to the faithless cynic,
ਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ। ਮੋਹਨ = ਹੇ ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੇ! ਹੇ ਸੋਹਣੇ! ਸ੍ਰਵਨੀ = (ਮੇਰੇ) ਕੰਨਾਂ ਵਿਚ। ਨ ਸੁਨਾਏ = ਨਾਹ ਸੁਣਾਇ।
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥੧॥ ਰਹਾਉ ॥
Singing his songs and tunes, and chanting his useless words. ||1||Pause||
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ ॥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ। ਧੁਨਿ = ਸੁਰ। ਅਜਾਏ = ਅਜਾਇ, ਵਿਅਰਥ ॥੧॥ ਰਹਾਉ ॥
ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥
I serve, serve, serve, serve the Holy Saints; forever and ever, I do this.
ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ। ਸੇਵਿ ਸੇਵਿ = ਸਦਾ ਸੇਵਾ ਕਰ ਕੇ। ਸਾਧ ਸੇਵਉ = ਸਾਧ ਸੇਵਉਂ, ਮੈਂ ਗੁਰੂ ਦੀ ਸੇਵਾ ਕਰਦਾ ਰਹਾਂ। ਕਰਉ = ਕਰਉਂ, ਮੈਂ ਕਰਦਾ ਰਹਾਂ। ਕਿਰਤਾਏ = ਕਿਰਤ।
ਅਭੈ ਦਾਨੁ ਪਾਵਉ ਪੁਰਖ ਦਾਤੇ ਮਿਲਿ ਸੰਗਤਿ ਹਰਿ ਗੁਣ ਗਾਏ ॥੧॥
The Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
ਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥ ਅਭੈ = ਨਿਰਭੈਤਾ। ਪਾਵਉ = ਪਾਵਉਂ। ਪੁਰਖ = ਹੇ ਸਰਬ-ਵਿਆਪਕ! ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ ॥੧॥
ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥
My tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
ਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ। ਰਸਨਾ = ਜੀਭ। ਅਗਹ = ਅਪਹੁੰਚ। ਰਾਤੀ = ਰੱਤੀ ਰਹੇ। ਨੈਨ = ਅੱਖਾਂ। ਦਰਸ ਰੰਗੁ = ਦਰਸਨ ਦਾ ਆਨੰਦ। ਲਾਏ = ਲਾਇ, ਮਾਣ ਕੇ।
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥੨॥
Be Merciful to me, O Destroyer of the pains of the meek, that I may enshrine Your Lotus Feet within my heart. ||2||
ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੋਹਿ ਰਿਦੈ = ਮੇਰੇ ਹਿਰਦੇ ਵਿਚ। ਵਸਾਏ = ਵਸਾਇ, ਵਸਾਈ ਰੱਖ ॥੨॥
ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥
Beneath all, and above all; this is the vision I saw.
ਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ। ਤਲੈ = ਹੇਠਾਂ। ਦ੍ਰਿਸਟਿ = ਨਿਗਾਹ। ਦ੍ਰਿਸਟਾਏ = ਦ੍ਰਿਸਟਾਇ, ਵਿਖਾਲ।
ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥
I have destroyed, destroyed, destroyed my pride, since the True Guru implanted His Mantra within me. ||3||
ਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥ ਖੋਈ = ਦੂਰ ਕਰ ਕੇ। ਖੋਇ ਖੋਇ ਖੋਈ ਹਉ = ਮੈਂ ਬਿਲਕੁਲ ਦੂਰ ਕਰ ਦਿਆਂ। ਮੋ ਕਉ = ਮੈਨੂੰ। ਮੰਤ੍ਰੁ = ਉਪਦੇਸ਼। ਦ੍ਰਿੜਾਏ = ਦ੍ਰਿੜਾਇ, ਪੱਕਾ ਕਰ ॥੩॥
ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥
Immeasurable, immeasurable, immeasurable is the Merciful Lord; he cannot be weighed. He is the Lover of His devotees.
ਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ।
ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ ॥੪॥੧॥੮੧॥
Whoever enters the Sanctuary of Guru Nanak, is blessed with the gifts of fearlessness and peace. ||4||||1||81||
ਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥ ਸਰਣਿ ਗੁਰ = ਗੁਰੂ ਦੀ ਸਰਨ। ਪਾਏ = ਪਾਂਦਾ ਹੈ ॥੪॥੧॥੮੧॥