ਰਾਗੁ ਸੂਹੀ ਮਹਲਾ ੫ ਘਰੁ ੧ ॥
Raag Soohee, Fifth Mehl, First House:
ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਾਜੀਗਰਿ ਜੈਸੇ ਬਾਜੀ ਪਾਈ ॥
The actor stages the play,
ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਬਾਜੀਗਰਿ = ਬਾਜੀਗਰ ਨੇ।
ਨਾਨਾ ਰੂਪ ਭੇਖ ਦਿਖਲਾਈ ॥
playing the many characters in different costumes;
ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)। ਨਾਨਾ ਰੂਪ = ਅਨੇਕਾਂ ਰੂਪ।
ਸਾਂਗੁ ਉਤਾਰਿ ਥੰਮੑਿਓ ਪਾਸਾਰਾ ॥
but when the play ends, he takes off the costumes,
ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ, ਸਾਂਗੁ = ਨਕਲੀ ਸ਼ਕਲ। ਉਤਾਰਿ = ਲਾਹ ਕੇ। ਥੰਮ੍ਹ੍ਹਿਓ = ਰੋਕ ਦਿੱਤਾ। ਪਾਸਾਰਾ = ਖੇਡ ਦਾ ਖਿਲਾਰ।
ਤਬ ਏਕੋ ਏਕੰਕਾਰਾ ॥੧॥
and then he is one, and only one. ||1||
ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥ ਏਕੰਕਾਰਾ = ਪਰਮਾਤਮਾ ॥੧॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥
How many forms and images appeared and disappeared?
ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ। ਕਵਨ ਰੂਪ = ਕੇਹੜੇ ਕੇਹੜੇ ਰੂਪ? ਅਨੇਕਾਂ ਰੂਪ। ਦ੍ਰਿਸਟਿਓ = ਦਿੱਸਿਆ। ਬਿਨਸਾਇਓ = ਬਿਨਸਿਓ, ਨਾਸ ਹੋਇਆ।
ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥
Where have they gone? Where did they come from? ||1||Pause||
(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥ ਕਤਹਿ = ਕਿੱਥੇ? ਉਹੁ = ਜੀਵ। ਕਤ ਤੇ = ਕਿੱਥੋਂ? ॥੧॥ ਰਹਾਉ ॥
ਜਲ ਤੇ ਊਠਹਿ ਅਨਿਕ ਤਰੰਗਾ ॥
Countless waves rise up from the water.
ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ)। ਤੇ = ਤੋਂ। ਊਠਹਿ = ਉੱਠਦੇ ਹਨ। ਤਰੰਗ = ਲਹਿਰਾਂ।
ਕਨਿਕ ਭੂਖਨ ਕੀਨੇ ਬਹੁ ਰੰਗਾ ॥
Jewels and ornaments of many different forms are fashioned from gold.
ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ)। ਕਨਿਕ = ਸੋਨਾ। ਭੂਖਨ = ਗਹਿਣੇ। ਕੀਨੇ = ਬਣਾਏ ਜਾਂਦੇ ਹਨ।
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥
I have seen seeds of all kinds being planted
(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ। ਬੀਜਿ = ਬੀਜ ਕੇ।
ਫਲ ਪਾਕੇ ਤੇ ਏਕੰਕਾਰਾ ॥੨॥
- when the fruit ripens, the seeds appear in the same form as the original. ||2||
(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥ ਫਲ ਪਾਕੇ ਤੇ = ਫਲ ਪੱਕਣ ਨਾਲ ॥੨॥
ਸਹਸ ਘਟਾ ਮਹਿ ਏਕੁ ਆਕਾਸੁ ॥
The one sky is reflected in thousands of water jugs,
ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)। ਸਹਸ = ਹਜ਼ਾਰਾਂ।
ਘਟ ਫੂਟੇ ਤੇ ਓਹੀ ਪ੍ਰਗਾਸੁ ॥
but when the jugs are broken, only the sky remains.
ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ। ਘਟ = ਘੜਾ। ਘਟ ਫੂਟੇ ਤੇ = ਘੜੇ ਟੁੱਟਣ ਨਾਲ।
ਭਰਮ ਲੋਭ ਮੋਹ ਮਾਇਆ ਵਿਕਾਰ ॥
Doubt comes from greed, emotional attachment and the corruption of Maya.
ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ। ਭਰਮ = ਭਟਕਣਾ।
ਭ੍ਰਮ ਛੂਟੇ ਤੇ ਏਕੰਕਾਰ ॥੩॥
Freed from doubt, one realizes the One Lord alone. ||3||
ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥
ਓਹੁ ਅਬਿਨਾਸੀ ਬਿਨਸਤ ਨਾਹੀ ॥
He is imperishable; He will never pass away.
ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ। ਅਬਿਨਾਸੀ = ਨਾਸ-ਰਹਿਤ।
ਨਾ ਕੋ ਆਵੈ ਨਾ ਕੋ ਜਾਹੀ ॥
He does not come, and He does not go.
(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ। ਕੋ = ਕੋਈ ਜੀਵ। ਆਵੈ = ਜੰਮਦਾ ਹੈ। ਜਾਹੀ = ਜਾਹਿ, ਜਾਂਦੇ ਹਨ, ਮਰਦੇ ਹਨ।
ਗੁਰਿ ਪੂਰੈ ਹਉਮੈ ਮਲੁ ਧੋਈ ॥
The Perfect Guru has washed away the filth of ego.
ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਗੁਰਿ = ਗੁਰੂ ਨੇ।
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥
Says Nanak, I have obtained the supreme status. ||4||1||
ਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥ ਪਰਮ ਗਤਿ = ਉੱਚੀ ਆਤਮਕ ਅਵਸਥਾ ॥੪॥੧॥