ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥
The sharp tool cuts down the tree, but it does not feel anger in its mind.
(ਹੇ ਮੇਰੇ ਮਨ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ, ਸਸਤ੍ਰਿ = ਸ਼ਸਤ੍ਰ ਨਾਲ। ਤੀਖਣ ਸਸਤ੍ਰਿ = ਤੇਜ਼ ਸ਼ਸਤ੍ਰ ਨਾਲ। ਕਾਟਿ = ਕੱਟ ਕੇ। ਕਾਟਿ ਡਾਰਿਓ = ਕੱਟ ਸੁੱਟਿਆ। ਮਨਿ = ਮਨ ਵਿਚ। ਰੋਸੁ = ਗੁੱਸਾ।
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥
It serves the purpose of the cutter, and does not blame him at all. ||1||
(ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ ॥੧॥ ਉਆ ਕੋ = ਉਸ (ਮਨੁੱਖ) ਦਾ। ਤਿਲੁ = ਰਤਾ ਭਰ ਭੀ। ਦੋਸੁ = ਗਿਲਾ ॥੧॥
ਮਨ ਮੇਰੇ ਰਾਮ ਰਉ ਨਿਤ ਨੀਤਿ ॥
O my mind, continually, continuously, meditate on the Lord.
ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਮਨ = ਹੇ ਮਨ! ਰਉ = ਰਮ, ਸਿਮਰ। ਨਿਤ ਨੀਤਿ = ਸਦਾ ਹੀ, ਨਿੱਤ ਨਿੱਤ।
ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥
The Lord of the Universe is merciful, divine and compassionate. Listen - this is the way of the Saints. ||1||Pause||
ਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਣ ਗਾ)। (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ ॥੧॥ ਰਹਾਉ ॥ ਸੁਨਿ = (ਹੇ ਮਨ!) ਸੁਣ। ਰੀਤਿ = ਜੀਵਨ-ਮਰਯਾਦਾ ॥੧॥ ਰਹਾਉ ॥
ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥
He plants his feet in the boat, and then sits down in it; the fatigue of his body is relieved.
(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ। ਚਰਣ ਤਲੈ = ਪੈਰਾਂ ਹੇਠ। ਉਗਾਹਿ = ਨੱਪ ਕੇ। ਬੈਸਿਓ = ਬਹਿ ਗਿਆ। ਸ੍ਰਮੁ = ਥਕੇਵਾਂ। ਸਰੀਰਿ = ਸਰੀਰ ਵਿਚ।
ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥੨॥
The great ocean does not even affect him; in an instant, he arrives on the other shore. ||2||
ਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ॥੨॥ ਸਾਗਰੁ = ਸਮੁੰਦਰ। ਨਹ ਵਿਆਪੈ = ਆਪਣਾ ਦਬਾਅ ਨਹੀਂ ਪਾ ਸਕਦਾ। ਖਿਨਹਿ = ਇਕ ਖਿਨ ਵਿਚ ਹੀ। ਤੀਰਿ = (ਪਾਰਲੇ) ਕੰਢੇ ਤੇ ॥੨॥
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥
Sandalwood, aloe, and camphor-paste - the earth does not love them.
(ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ; ਅਗਰ = ਊਦ ਦੀ ਲੱਕੜੀ। ਸੰਗੇ = ਨਾਲ।
ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥੩॥
But it doesn't mind, if someone digs it up bit by bit, and applies manure and urine to it. ||3||
ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ॥੩॥ ਖੋਦਿ = ਪੁੱਟ ਕੇ। ਤਿਲੁ ਤਿਲੁ = ਰਤਾ ਰਤਾ। ਮਨਿ = ਮਨ ਵਿਚ। ਮਨੀ = ਮੰਨੀ। ਬਿਪਰੀਤਿ = ਉਲਟੀ ਗੱਲ, ਵਿਰੋਧਤਾ ॥੩॥
ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥
High and low, bad and good - the comforting canopy of the sky stretches evenly over all.
(ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ। ਸੁਕ੍ਰਿਤ = ਭਲਾਈ। ਸੰਲਗਨ = ਇੱਕੋ ਜਿਹਾ ਲੱਗਾ ਹੋਇਆ। ਸੁਖ ਛਤ੍ਰ = ਸੁਖਾਂ ਦਾ ਛੱਤ੍ਰ।
ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥੪॥
It knows nothing of friend and enemy; all beings are alike to it. ||4||
(ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ ॥੪॥ ਸਤ੍ਰੁ = ਵੈਰੀ। ਨ ਜਾਨੈ = ਨਹੀਂ ਜਾਣਦਾ {ਇਕ-ਵਚਨ}। ਸਮਤ = ਇਕ-ਸਮਾਨ। ਸਰਬ ਜੀਅ = ਸਾਰੇ ਜੀਆਂ ਨੂੰ ॥੪॥
ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ॥
Blazing with its dazzling light, the sun rises, and dispels the darkness.
(ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ। ਕਰਿ = ਕਰ ਕੇ। ਪ੍ਰਗਾਸੁ = ਪਰਕਾਸ਼, ਚਾਨਣ। ਪ੍ਰਚੰਡ = ਤੇਜ਼। ਅੰਧਕਾਰ ਬਿਨਾਸ = ਹਨੇਰੇ ਦਾ ਨਾਸ।
ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥੫॥
Touching both the pure and the impure, it harbors no hatred to any. ||5||
ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ ॥੫॥ ਮਨਿ = (ਸੂਰਜ ਦੇ) ਮਨ ਵਿਚ। ਬਿਖਾਦੁ = ਦੁੱਖ ॥੫॥
ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥
The cool and fragrant wind gently blows upon all places alike.
ਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ; ਸੀਤ = ਠੰਢੀ। ਮੰਦ = ਹੌਲੀ ਹੌਲੀ। ਸਮਾਨ = ਇਕੋ ਜਿਹੀ। ਸਰਬ ਥਾਨ = ਸਭਨੀਂ ਥਾਈਂ।
ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ ॥੬॥
Wherever anything is, it touches it there, and does not hesitate a bit. ||6||
ਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ ॥੬॥ ਜਹਾ = ਜਿੱਥੇ ਭੀ। ਸਾ = ਸੀ। ਕਿਛੁ = ਕੋਈ (ਚੰਗੀ ਮੰਦੀ) ਚੀਜ਼। ਤਿਲੁ = ਰਤਾ ਭੀ। ਸੰਕਾ = ਸ਼ੰਕਾ, ਝਿਜਕ। ਨ ਮਾਨ = ਨਹੀਂ ਮੰਨਿਆ ॥੬॥
ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥
Good or bad, whoever comes close to the fire - his cold is taken away.
(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ। ਸੁਭਾਇ = ਚੰਗੀ ਭਾਵਨਾ ਨਾਲ। ਅਭਾਇ = ਭੈੜੀ ਭਾਵਨਾ ਨਾਲ। ਜੁ = ਜਿਹੜਾ ਕੋਈ। ਨਿਕਟਿ = ਨੇੜੇ। ਸੀਤੁ = ਪਾਲਾ।
ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥੭॥
It knows nothing of its own or others'; it is constant in the same quality. ||7||
(ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ ॥੭॥ ਆਪ ਕਾ = ਆਪਣਾ। ਪਰ ਕਾ = ਪਰਾਇਆ। ਸਹਜਿ = ਅਡੋਲਤਾ ਵਿਚ। ਸੁਭਾਇ = ਚੰਗੇ ਭਾਵ ਵਿਚ ॥੭॥
ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥
Whoever seeks the Sancuary of the feet of the Sublime Lord - his mind is attuned to the Love of the Beloved.
(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ)। ਸਨਾਥ = ਨਾਥ ਵਾਲੇ, ਖਸਮ ਵਾਲੇ। ਰੰਗਿ = ਪਿਆਰ ਵਿਚ। ਰਾਤੇ = ਰੰਗੇ ਹੋਏ। ਲਾਲ ਰੰਗਿ = ਸੋਹਣੇ ਪ੍ਰਭੂ ਦੇ ਪ੍ਰੇਮ-ਰੰਗ ਵਿਚ।
ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ॥੮॥੩॥
Constantly singing the Glorious Praises of the Lord of the World, O Nanak, God becomes merciful to us. ||8||3||
(ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ। ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ॥੮॥੩॥ ਗਾਉ = (ਹੇ ਮੇਰੇ ਮਨ!) ਗਾਇਆ ਕਰ। ਨਾਨਕ = ਹੇ ਨਾਨਕ! ਕਿਰਪਾਲ = ਦਇਆਵਾਨ ॥੮॥੩॥