ਸਵੈਯਾ

ਸਵੈਯਾ:

ਤੇਰੀ ਸੋਭਾ ਸੁਨਿ ਕੈ ਸੁਨਿ ਸੁੰਦਰਿ ਆਯੋ ਈਹਾ ਚਲਿ ਕੋਸ ਹਜਾਰੌ

ਹੇ ਸੁੰਦਰੀ! ਤੇਰੀ ਸ਼ੋਭਾ ਸੁਣ ਕੇ ਹਜ਼ਾਰਾਂ ਕੋਹ ਚਲ ਕੇ ਇਥੇ ਆਇਆ ਹਾਂ।

ਆਜੁ ਮਹੂਰਤ ਹੈ ਤਿਤ ਕੋ ਕਛੁ ਸਾਥ ਮਿਲੈ ਨਹੀ ਤ੍ਰਾਸ ਬਿਚਾਰੌ

ਜੇ ਅਜ ਦੇ ਮੁਹੂਰਤ ਵਿਚ ਕੋਈ ਸਾਥ ਮਿਲ ਜਾਏ ਤਾਂ ਡਰ ਨਹੀਂ ਮੰਨਾਗਾ।

ਰੀਤ ਹੈ ਧਾਮ ਇਹੈ ਹਮਰੇ ਨਿਜੁ ਨਾਰਿ ਬਿਨਾ ਨਹੀ ਔਰ ਨਿਹਾਰੌ

ਪਰ ਸਾਡੇ ਘਰ ਇਹੀ ਰੀਤ ਹੈ ਕਿ ਆਪਣੀ ਪਤਨੀ ਤੋਂ ਛਡ ਕੇ ਹੋਰ ਕਿਸੇ ਨੂੰ ਨਹੀਂ ਵੇਖਣਾ।

ਖੇਲੋ ਹਸੌ ਸੁਖ ਸੋ ਤੁਮ ਹੂੰ ਮੁਹਿ ਦੇਹੁ ਬਿਦਾ ਸਸੁਰਾਰਿ ਸਿਧਾਰੌ ॥੩੯॥

ਤੁਸੀਂ ਸੁਖ ਪੂਰਵਕ ਹਸੋ, ਖੇਡੋ ਅਤੇ ਮੈਨੂੰ ਵਿਦਾ ਕਰੋ ਕਿ ਸੌਹਰੇ ਘਰ ਜਾਵਾਂ ॥੩੯॥

ਬਾਤ ਬਿਦਾ ਕੀ ਸੁਨੀ ਜਬ ਹੀ ਬਿਨੁ ਚੈਨ ਭਈ ਸੁਹਾਵਤ ਜੀ ਕੀ

ਜਦੋਂ (ਉਸ ਨੇ) ਵਿਦਾ ਹੋਣ ਦੀ ਗੱਲ ਸੁਣੀ ਤਾਂ ਉਹ ਮਨ ਵਿਚ ਬੇਚੈਨ ਹੋ ਗਈ ਅਤੇ ਮਨ ਨੂੰ ਚੰਗੀ ਨਾ ਲਗੀ।

ਲਾਲ ਗੁਲਾਲ ਸੀ ਬਾਲ ਹੁਤੀ ਤਤਕਾਲ ਭਈ ਮੁਖ ਕੀ ਛਬਿ ਫੀਕੀ

ਗੁਲਾਲ ਵਰਗੀ ਲਾਲ ਇਸਤਰੀ ਸੀ, ਪਰ ਉਸ ਦੇ ਮੁਖ ਦਾ ਰੰਗ ਤੁਰਤ ਫਿਕਾ ਪੈ ਗਿਆ।

ਹਾਥ ਉਚਾਇ ਹਨੀ ਛਤਿਯਾ ਉਰ ਪੈ ਲਸੈ ਸੌ ਮੁੰਦਰੀ ਅੰਗੁਰੀ ਕੀ

(ਉਸ ਨੇ) ਹੱਥ ਚੁਕ ਕੇ ਛਾਤੀ ਉਤੇ ਮਾਰੇ। ਛਾਤੀ ਉਤੇ ਅੰਗੁਲੀਆਂ ਵਿਚ ਪਾਈਆਂ ਮੁੰਦਰੀਆਂ ਦੇ ਨਿਸ਼ਾਨ ਇਸ ਤਰ੍ਹਾਂ ਲਗ ਰਹੇ ਸਨ

ਦੇਖਨ ਕੋ ਪਿਯ ਕੌ ਤਿਯ ਕੀ ਪ੍ਰਗਟੀ ਅਖਿਯਾ ਜੁਗ ਜਾਨੁਕ ਹੀ ਕੀ ॥੪੦॥

ਮਾਨੋ ਪ੍ਰਿਯ ਨੂੰ ਵੇਖਣ ਲਈ ਇਸਤਰੀ ਦੇ ਹਿਰਦੇ ('ਹੀ') ਦੀਆਂ ਦੋਵੇਂ ਅੱਖਾਂ ਖੁਲ੍ਹ ਗਈਆਂ ਹੋਣ ॥੪੦॥