ਸਿਰੀਰਾਗੁ ਮਹਲਾ ੪ ਘਰੁ ੧ ॥
Siree Raag, Fourth Mehl, First House:
ਸਿਰੀ ਰਾਗ, ਚਊਥੀ ਪਾਤਸ਼ਾਹੀ।
ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥
Within my mind and body is the intense pain of separation; how can my Beloved come to meet me in my home?
ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ। ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ।
ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥
When I see my God, seeing God Himself, my pain is taken away.
ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ। ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ।
ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥
I go and ask my friends, "How can I meet and merge with God?" ||1||
(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥ ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ॥੧॥
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
O my True Guru, without You I have no other at all.
ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ। ਅਵਰੁ = ਕੋਈ ਹੋਰ (ਸਹਾਰਾ)।
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
I am foolish and ignorant; I seek Your Sanctuary. Please be Merciful and unite me with the Lord. ||1||Pause||
ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥ ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ॥੧॥ਰਹਾਉ॥
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
The True Guru is the Giver of the Name of the Lord. God Himself causes us to meet Him.
ਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਸੋਇ = ਉਹ ਹੀ।
ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥
The True Guru understands the Lord God. There is no other as Great as the Guru.
ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ। ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ।
ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
I have come and collapsed in the Guru's Sanctuary. In His Kindness, He has united me with God. ||2||
(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥ ਪਵਾ = ਪਵਾਂ॥੨॥
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥
No one has found Him by stubborn-mindedness. All have grown weary of the effort.
ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ। ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ।
ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
Thousands of clever mental tricks have been tried, but still, the raw and undisciplined mind does not absorb the Color of the Lord's Love.
(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ।
ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
By falsehood and deception, none have found Him. Whatever you plant, you shall eat. ||3||
ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥ ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ)। ਕਪਟਿ = ਠੱਗੀ ਨਾਲ॥੩॥
ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥
O God, You are the Hope of all. All beings are Yours; You are the Wealth of all.
ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ। ਪ੍ਰਭ = ਹੇ ਪ੍ਰਭੂ! ਰਾਸਿ-ਪੂੰਜੀ, ਸਰਮਾਇਆ।
ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥
O God, none return from You empty-handed; at Your Door, the Gurmukhs are praised and acclaimed.
ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ। ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ।
ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥
In the terrifying world-ocean of poison, people are drowning-please lift them up and save them! This is servant Nanak's humble prayer. ||4||1||65||
ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥{39-40} ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ॥੪॥