ਸੋਰਠਿ ਮਹਲਾ

Sorat'h, Fifth Mehl:

ਸੋਰਠਿ ਪੰਜਵੀਂ ਪਾਤਿਸ਼ਾਹੀ।

ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ

My Lord and Master has become Merciful, in His True Court.

ਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।

ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ

The True Guru has taken away the fever, and the whole world is at peace, O Siblings of Destiny.

ਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ)। ਸਤਿਗੁਰਿ = ਗੁਰੂ ਨੇ। ਠਾਂਢਿ = ਠੰਢ। ਸੰਸਾਰਿ = ਸੰਸਾਰ ਵਿਚ। ਜਮਹਿ = ਜਮ ਨੇ।

ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥

The Lord Himself protects His beings and creatures, and the Messenger of Death is out of work. ||1||

ਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ) ॥੧॥ ਹਟਤਾਰਿ = ਹੜਤਾਲ, ਹੱਟੀ ਨੂੰ ਤਾਲਾ, ਦੁਕਾਨ-ਬੰਦੀ ॥੧॥

ਹਰਿ ਕੇ ਚਰਣ ਰਿਦੈ ਉਰਿ ਧਾਰਿ

Enshrine the Lord's feet within your heart.

ਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ। ਰਿਦੈ = ਹਿਰਦੈ ਵਿਚ। ਉਰਿ ਧਾਰਿ = ਹਿਰਦੇ ਵਿਚ ਟਿਕਾਈ ਰੱਖ।

ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ

Forever and ever, meditate in remembrance on God, O Siblings of Destiny. He is the Eradicator of suffering and sins. ||1||Pause||

ਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ॥੧॥ ਰਹਾਉ ॥ ਸਿਮਰੀਐ = ਸਿਮਰਨਾ ਚਾਹੀਦਾ ਹੈ। ਭਾਈ = ਹੇ ਭਾਈ! ਕਿਲਬਿਖ = ਪਾਪ। ਕਾਟਣਹਾਰੁ = ਕੱਟਣ ਦੀ ਤਾਕਤ ਰੱਖਣ ਵਾਲਾ ॥੧॥ ਰਹਾਉ ॥

ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ

He fashioned all beings, O Siblings of Destiny, and His Sanctuary saves them.

ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਊਬਰੈ = ਬਚ ਜਾਂਦਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ।

ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ

He is the Almighty Creator, the Cause of causes, O Siblings of Destiny; He, the True Lord, is True.

ਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ। ਕਰਣ ਕਾਰਣ = ਜਗਤ ਦਾ ਮੂਲ। ਸਚੈ = ਸਦਾ ਕਾਇਮ ਰਹਿਣ ਵਾਲੇ ਦੀ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।

ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥

Nanak: meditate on God, O Siblings of Destiny, and your mind and body shall be cool and calm. ||2||19||47||

ਹੇ ਨਾਨਕ! (ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ ॥੨॥੧੯॥੪੭॥ ਸੀਤਲੁ = ਸ਼ਾਂਤ ॥੨॥੧੯॥੪੭॥