ਆਸਾ ਮਹਲਾ ੪ ॥
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
Those whose hearts are filled with the love of the Lord, Har, Har, are the wisest and most clever people, O Lord King.
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ। ਅੰਤਰਿ = ਹਿਰਦੇ ਵਿਚ। ਤੇ ਜਨ = ਉਹ ਬੰਦੇ। ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ।
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
Even if they misspeak outwardly, they are still very pleasing to the Lord.
ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ। ਭੁਲਿ = ਭੁੱਲ ਕੇ। ਚੁਕਿ = ਉਕਾਈ ਖਾ ਕੇ। ਭੀ = ਫਿਰ ਭੀ। ਖਰੇ = ਚੰਗੇ। ਭਾਣੇ = ਪਿਆਰੇ ਲੱਗਦੇ ਹਨ।
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
The Lord's Saints have no other place. The Lord is the honor of the dishonored.
ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ। ਥਾਉਂ = ਥਾਂ, ਆਸਰਾ।
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥
The Naam, the Name of the Lord, is the Royal Court for servant Nanak; the Lord's power is his only power. ||1||
ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥ ਦੀਬਾਣੁ = ਸਹਾਰਾ, ਫਰਿਆਦ ਦੀ ਥਾਂ। ਤਾਣੁ = ਤਾਕਤ, ਬਾਹੂ-ਬਲ। ਸਤਾਣੇ = ਤਕੜੇ, ਤਾਕਤ ਵਾਲੇ ॥੧॥
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
Wherever my True Guru goes and sits, that place is beautiful, O Lord King.
ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ।
ਗੁਰਸਿਖੀਂ︀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
The Guru's Sikhs seek out that place; they take the dust and apply it to their faces.
ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ। ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ।
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
The works of the Guru's Sikhs, who meditate on the Lord's Name, are approved.
ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ।
ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥
Those who worship the True Guru, O Nanak - the Lord causes them to be worshipped in turn. ||2||
ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥ ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ ॥੨॥
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
The Guru's Sikh keeps the Love of the Lord, and the Name of the Lord, in his mind. He loves You, O Lord, O Lord King.
ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ, ਮਨਿ = ਮਨ ਵਿਚ। ਹਰਿ = ਹੇ ਹਰੀ!
ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
He serves the Perfect True Guru, and his hunger and self-conceit are eliminated.
ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਕਰਿ ਪੂਰਾ = ਪੂਰਨ ਜਾਣ ਕੇ, ਅਭੁੱਲ ਜਾਣ ਕੇ। ਭੁਖ = ਮਾਇਆ ਦੀ ਭੁੱਖ। ਮੇਰੀ = ਮਾਇਆ ਦੀ ਮਮਤਾ। ਜਾਇ ਲਹਿ = ਲਹਿ ਜਾਂਦੀ ਹੈ।
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
The hunger of the Gursikh is totally eliminated; indeed, many others are satisfied through them.
ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ। ਸਭ = ਸਾਰੀ। ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ। ਘਨੇਰੀ = ਬਹੁਤ ਲੁਕਾਈ।
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥
Servant Nanak has planted the Seed of the Lord's Goodness; this Goodness of the Lord shall never be exhausted. ||3||
ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥ ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ। ਤੋਟਿ = ਕਮੀ, ਘਾਟ। ਕੇਰੀ = ਦੀ। ਪੁੰਨ ਕੇਰੀ = ਭਲੇ ਕੰਮ ਦੀ ॥੩॥
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
The minds of the Gursikhs rejoice, because they have seen my True Guru, O Lord King.
ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਮਨਿ = ਮਨ ਵਿਚ। ਵਾਧਾਈਆ = ਖ਼ੁਸ਼ੀਆਂ, ਆਤਮਕ ਉਤਸ਼ਾਹ, ਚੜ੍ਹਦੀ ਕਲਾ।
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
If someone recites to them the story of the Lord's Name, it seems so sweet to the mind of those Gursikhs.
ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਨ੍ਹ੍ਹ = ਜਿਨ੍ਹਾਂ ਨੇ। ਗਲ = ਗੱਲ, ਜ਼ਿਕਰ। ਸੋ = ਉਹ ਮਨੁੱਖ। ਮਿਠਾ = ਪਿਆਰਾ।
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ ਮੇਰਾ ਸਤਿਗੁਰੁ ਤੁਠਾ ॥
The Gursikhs are robed in honor in the Court of the Lord; my True Guru is very pleased with them.
ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ। ਪੈਨ੍ਹ੍ਹਾਈਅਹਿ = ਸਰੋਪਾ ਦਿੱਤੇ ਜਾਂਦੇ ਹਨ, ਸਨਮਾਨੇ ਜਾਂਦੇ ਹਨ {ਵਰਤਮਾਨ ਕਾਲ ਕਰਮ ਵਾਚ, ਅੰਨ ਪੁਰਖ, ਬਹੁ-ਵਚਨ}। ਤੁਠਾ = ਮੇਹਰਬਾਨ ਹੋਇਆ।
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥
Servant Nanak has become the Lord, Har, Har; the Lord, Har, Har, abides within his mind. ||4||12||19||
ਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥ ਨਾਨਕੁ = ਨਾਨਕ (ਆਖਦਾ ਹੈ)। ਵੁਠਾ = ਆ ਵੱਸਿਆ ॥੪॥੧੨॥੧੯॥