ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਸਰਣਿ ਪਰੇ ਗੁਰਦੇਵ ਤੁਮਾਰੀ ॥
O Divine Guru, I have entered Your Sanctuary.
ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਗੁਰਦੇਵ = ਹੇ ਗੁਰ ਦੇਵ! ਹੇ ਸਭ ਤੋਂ ਵੱਡੇ ਦੇਵਤੇ! ਹੇ ਪ੍ਰਭੂ!
ਤੂ ਸਮਰਥੁ ਦਇਆਲੁ ਮੁਰਾਰੀ ॥
You are the Almighty Lord, the Merciful Lord.
ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ। ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਦੈਂਤਾਂ ਦਾ ਨਾਸ ਕਰਨ ਵਾਲਾ।
ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
No one knows Your wondrous plays; You are the perfect Architect of Destiny. ||1||
ਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ॥੧॥ ਚੋਜ = ਕੌਤਕ, ਤਮਾਸ਼ੇ। ਪੂਰਾ = ਸਾਰੇ ਗੁਣਾਂ ਦਾ ਮਾਲਕ। ਬਿਧਾਤਾ = ਪੈਦਾ ਕਰਨ ਵਾਲਾ ॥੧॥
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥
From the very beginning of time, and throughout the ages, You cherish and sustain Your beings.
ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ, ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।
ਘਟਿ ਘਟਿ ਰੂਪੁ ਅਨੂਪੁ ਦਇਆਲਾ ॥
You are in each and every heart, O Merciful Lord of incomparable beauty.
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ। ਘਟਿ ਘਟਿ = (ਤੂੰ) ਹਰੇਕ ਘਟ ਵਿਚ (ਹੈਂ)। ਰੂਪੁ ਅਨੂਪੁ = ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਰੂਪ ਨਹੀਂ {ਅਨ-ਊਪ। ਊਪ = ਉਪਮਾ}।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥
As You will, You cause all to walk; everyone acts according to Your Command. ||2||
ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ ॥੨॥ ਤੇਰੋ = ਤੇਰਾ ॥੨॥
ਅੰਤਰਿ ਜੋਤਿ ਭਲੀ ਜਗਜੀਵਨ ॥
Deep within the nucleus of all, is the Light of the Life of the World.
ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ, ਜੋਤਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਭਲੀ = ਸੋਭ ਰਹੀ ਹੈ।
ਸਭਿ ਘਟ ਭੋਗੈ ਹਰਿ ਰਸੁ ਪੀਵਨ ॥
The Lord enjoys the hearts of all, and drinks in their essence.
ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ। ਸਭਿ = ਸਾਰੇ।
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
He Himself gives, and He himself takes; He is the generous father of the beings of the three worlds. ||3||
ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ॥੩॥ ਤਿਹੁ ਲੋਈ = ਤਿੰਨਾਂ ਹੀ ਭਵਨਾਂ ਵਿਚ। ਲੋਈ = ਲੋਕ, ਭਵਨ {'ਕਹਤ ਕਬੀਰ ਸੁਨਹੁ ਰੇ ਲੋਈ'। ਰੇ ਲੋਈ = ਹੇ ਜਗਤ!}। ਜਗਤ ਪਿਤ = ਜਗਤ ਦਾ ਪਿਤਾ ॥੩॥
ਜਗਤੁ ਉਪਾਇ ਖੇਲੁ ਰਚਾਇਆ ॥
Creating the world, He has set His play into motion.
ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ; ਉਪਾਇ = ਪੈਦਾ ਕਰ ਕੇ।
ਪਵਣੈ ਪਾਣੀ ਅਗਨੀ ਜੀਉ ਪਾਇਆ ॥
He placed the soul in the body of air, water and fire.
ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ। ਜੀਉ = ਜੀਵਾਤਮਾ। ਪਾਇਆ = ਰੱਖ ਦਿੱਤਾ।
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥
The body-village has nine gates; the Tenth Gate remains hidden. ||4||
ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ॥੪॥ ਦੇਹੀ = ਸਰੀਰ। ਦਰਵਾਜੇ = ਕੰਨ ਨੱਕ ਆਦਿਕ ਗੋਲਕਾਂ, ਕਰਮ-ਇੰਦ੍ਰੇ। ਦਸਵਾ = ਦਸਵਾਂ ਦਰਵਾਜ਼ਾ (ਜਿਸ ਵਿਚੋਂ ਲੰਘ ਕੇ ਪਰਮਾਤਮਾ ਦੇ ਘਰ ਵਿਚ ਪਹੁੰਚੀਦਾ ਹੈ)। ਰਹਾਤਾ = ਰੱਖਦਾ ਹੈ ॥੪॥
ਚਾਰਿ ਨਦੀ ਅਗਨੀ ਅਸਰਾਲਾ ॥
There are four horrible rivers of fire.
(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ। ਚਾਰਿ ਨਦੀ = (ਹਿੰਸਾ, ਮੋਹ, ਲੋਭ, ਕ੍ਰੋਧ; ਇਹ) ਚਾਰੇ ਨਦੀਆਂ। ਅਸਰਾਲਾ = ਭਿਆਨਕ।
ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥
How rare is that Gurmukh who understands this, and through the Word of the Shabad, remains unattached.
ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ, ਨਿਰਾਲਾ = ਵਿਰਲਾ।
ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥
The faithless cynics are drowned and burnt through their evil-mindedness. The Guru saves those who are imbued with the Love of the Lord. ||5||
(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੫॥ ਸਾਕਤ = ਮਾਇਆ-ਵੇੜ੍ਹੇ ਜੀਵ। ਦਾਝਹਿ = ਸੜਦੇ ਹਨ। ਗੁਰਿ = ਗੁਰੂ ਨੇ। ਰਾਤਾ = ਰੱਤੇ ਹੋਏ, ਮਸਤ ॥੫॥
ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥
Water, fire, air, earth and ether
ਪਾਣੀ ਅੱਗ ਹਵਾ ਧਰਤੀ ਤੇ ਆਕਾਸ਼- ਅਪੁ = {आप्} ਪਾਣੀ। ਤੇਜੁ = ਅੱਗ। ਵਾਇ = ਹਵਾ।
ਤਿਨ ਮਹਿ ਪੰਚ ਤਤੁ ਘਰਿ ਵਾਸਾ ॥
in that house of the five elements, they dwell.
ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ। ਪੰਚ ਤਤੁ = ਪੰਜ-ਤੱਤੀ ਸਰੀਰ। ਤਿਨ ਮਹਿ = ਇਹਨਾਂ ਤੱਤਾਂ ਦੇ ਮੇਲ ਵਿਚ। ਘਰਿ = ਇਸ ਸਰੀਰ-ਘਰ ਵਿਚ।
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
Those who remain imbued with the Word of the True Guru's Shabad, renounce Maya, egotism and doubt. ||6||
ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੬॥ ਰੰਗਿ ਰਾਤਾ = ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੱਤੇ। ਭ੍ਰਾਤਾ = ਭ੍ਰਾਂਤੀ ॥੬॥
ਇਹੁ ਮਨੁ ਭੀਜੈ ਸਬਦਿ ਪਤੀਜੈ ॥
This mind is drenched with the Shabad, and satisfied.
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ। ਪਤੀਜੈ = ਪ੍ਰਸੰਨ ਹੁੰਦਾ ਹੈ, ਖਿੜਿਆ ਰਹਿੰਦਾ ਹੈ।
ਬਿਨੁ ਨਾਵੈ ਕਿਆ ਟੇਕ ਟਿਕੀਜੈ ॥
Without the Name, what support can anyone have?
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ। ਟੇਕ = ਆਸਰਾ।
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥
The temple of the body is being plundered by the thieves within, but this faithless cynic does not even recognize these demons. ||7||
ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ॥੭॥ ਚੋਰੁ = (ਵਿਕਾਰ ਵਿਚ ਫਸਿਆ) ਮਨ-ਚੋਰ। ਮੁਹੈ = ਲੁੱਟਦਾ ਹੈ। ਇਨਿ = ਇਸ ਨੇ। ਇਨਿ ਸਾਕਤਿ = ਇਸ ਸਾਕਤ ਨੇ। ਦੂਤੁ = ਵੈਰੀ ॥੭॥
ਦੁੰਦਰ ਦੂਤ ਭੂਤ ਭੀਹਾਲੇ ॥
They are argumentative demons, terrifying goblins.
ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ, ਦੁੰਦਰ = ਰੌਲਾ ਪਾਣ ਵਾਲੇ। ਦੂਤ = ਕਾਮਾਦਿਕ ਵੈਰੀ। ਭੀਹਾਲੇ = ਭਿਆਨਕ।
ਖਿੰਚੋਤਾਣਿ ਕਰਹਿ ਬੇਤਾਲੇ ॥
These demons stir up conflict and strife.
ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ, ਬੇਤਾਲੇ = ਪ੍ਰੇਤ। ਖਿੰਚੋਤਾਣਿ = ਆਪੋ ਆਪਣੇ ਪਾਸੇ ਖਿੱਚਾ = ਖਿੱਚੀ।
ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥
Without awareness of the Shabad, one comes and goes in reincarnation; he loses his honor in this coming and going. ||8||
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੮॥ ਪਤਿ = ਇੱਜ਼ਤ। ਖੋਈ = ਗਵਾ ਲਈ ॥੮॥
ਕੂੜੁ ਕਲਰੁ ਤਨੁ ਭਸਮੈ ਢੇਰੀ ॥
The body of the false person is just a pile of barren dirt.
ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)। ਭਸਮੈ = ਭਸਮ ਦੀ, ਸੁਆਹ ਦੀ।
ਬਿਨੁ ਨਾਵੈ ਕੈਸੀ ਪਤਿ ਤੇਰੀ ॥
Without the Name, what honor can you have?
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ।
ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥
Bound and gagged throughout the four ages, there is no liberation; the Messenger of Death keeps such a person under his gaze. ||9||
ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ॥੯॥ ਮੁਕਤਿ = ਖ਼ਲਾਸੀ। ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਕਦੇ ਭੀ। ਜਮ ਕੰਕਰਿ = ਜਮ ਦੇ ਕਿੰਕਰ (ਦਾਸ) ਨੇ, ਜਮ-ਦੂਤ ਨੇ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਪਰਾਤਾ = ਪਛਾਣਿਆ ॥੯॥
ਜਮ ਦਰਿ ਬਾਧੇ ਮਿਲਹਿ ਸਜਾਈ ॥
At Death's door, he is tied up and punished;
(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ, ਦਰਿ = ਦਰ ਤੇ। ਮਿਲਹਿ = ਮਿਲਦੀਆਂ ਹਨ।
ਤਿਸੁ ਅਪਰਾਧੀ ਗਤਿ ਨਹੀ ਕਾਈ ॥
such a sinner does not obtain salvation.
ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ। ਗਤਿ = ਹਾਲਤ, ਦਸ਼ਾ।
ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
He cries out in pain, like the fish pierced by the hook. ||10||
ਉਹ ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ॥੧੦॥ ਕਰਣ ਪਲਾਵ {करुणा प्रलाप} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਮੀਨੁ = ਮੱਛੀ। ਪਰਾਤਾ = ਪੈ ਜਾਂਦਾ ਹੈ, ਫਸ ਜਾਂਦਾ ਹੈ ॥੧੦॥
ਸਾਕਤੁ ਫਾਸੀ ਪੜੈ ਇਕੇਲਾ ॥
The faithless cynic is caught in the noose all alone.
ਮਾਇਆ-ਵੇੜ੍ਹੇ ਮਨੁੱਖ ਦੀ ਇਕੱਲੀ ਆਪਣੀ ਜਿੰਦ ਉਸ (ਮੌਤ ਦੀ) ਫਾਹੀ ਵਿਚ ਫਸੀ ਹੁੰਦੀ ਹੈ। ਪੜੈ = ਪੈਂਦਾ ਹੈ।
ਜਮ ਵਸਿ ਕੀਆ ਅੰਧੁ ਦੁਹੇਲਾ ॥
The miserable spiritually blind person is caught in the power of Death.
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ। ਜਮ ਵਸਿ = ਜਮ ਦੇ ਵੱਸ ਵਿਚ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਦੁਹੇਲਾ = ਦੁਖੀ।
ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥
Without the Lord's Name, liberation is not known. He shall waste away, today or tomorrow. ||11||
(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ॥੧੧॥ ਆਜੁ ਕਾਲਿ = ਅੱਜ ਭੀ ਭਲਕ ਭੀ, ਹਰ ਰੋਜ਼। ਪਚਿ ਜਾਤਾ = ਖ਼ੁਆਰ ਹੁੰਦਾ ਹੈ ॥੧੧॥
ਸਤਿਗੁਰ ਬਾਝੁ ਨ ਬੇਲੀ ਕੋਈ ॥
Other than the True Guru, no one is your friend.
ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ। ਬੇਲੀ = ਮਦਦ ਕਰਨ ਵਾਲਾ, ਮਿੱਤਰ।
ਐਥੈ ਓਥੈ ਰਾਖਾ ਪ੍ਰਭੁ ਸੋਈ ॥
Here and hereafter, God is the Savior.
(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ। ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।
ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥
He grants His Grace, and bestows the Lord's Name. He merges with Him, like water with water. ||12||
(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥ ਸਲਲੈ = ਪਾਣੀ ਵਿਚ ॥੧੨॥
ਭੂਲੇ ਸਿਖ ਗੁਰੂ ਸਮਝਾਏ ॥
The Guru instructs His wandering Sikhs;
ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,
ਉਝੜਿ ਜਾਦੇ ਮਾਰਗਿ ਪਾਏ ॥
if they go astray, He sets them on the right path.
ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ। ਉਝੜਿ = ਗ਼ਲਤ ਰਸਤੇ ਤੇ। ਮਾਰਗਿ = (ਠੀਕ) ਰਾਹ ਤੇ।
ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥
So serve the Guru, forever, day and night; He is the Destroyer of pain - He is with you as your companion. ||13||
(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸੰਗਿ = ਨਾਲ। ਸਖਾਤਾ = ਸਖਾ, ਸਾਥੀ ॥੧੩॥
ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥
O mortal being, what devotional worship have you performed to the Guru?
(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥
Even Brahma, Indra and Shiva do not know it.
ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ। ਬ੍ਰਹਮੈ = ਬ੍ਰਹਮਾ ਨੇ। ਇੰਦ੍ਰਿ = ਇੰਦਰ ਨੇ। ਮਹੇਸਿ = ਮਹੇਸ਼ ਨੇ।
ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥
Tell me, how can the unknowable True Guru be known? He alone attains this realization, whom the Lord forgives. ||14||
ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥ ਅਲਖੁ = {अलक्ष्य} ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ। ਤਿਸਹਿ = ਉਸ ਨੇ ਹੀ ॥੧੪॥
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥
One who has love within, obtains the Blessed Vision of His Darshan.
ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥
One who enshrines love for the Word of the Guru's Bani, meets with Him.
ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ। ਪਰਸਨੁ = ਛੋਹ, ਮੇਲ।
ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥
Day and night, the Gurmukh sees the immaculate Divine Light everywhere; this lamp illuminates his heart. ||15||
ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥ ਅਹਿ = ਦਿਨ। ਨਿਸਿ = ਰਾਤ। ਨਿਰਮਲ = ਪਵਿੱਤ੍ਰ। ਸਬਾਈ = ਸਾਰੀ ਲੋਕਾਈ ਵਿਚ। ਘਟਿ = (ਆਪਣੇ) ਹਿਰਦੇ-ਘਰ ਵਿਚ ॥੧੫॥
ਭੋਜਨ ਗਿਆਨੁ ਮਹਾ ਰਸੁ ਮੀਠਾ ॥
The food of spiritual wisdom is the supremely sweet essence.
(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ। ਮਹਾ ਰਸੁ = ਬੜੇ ਸੁਆਦ ਵਾਲਾ।
ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥
Whoever tastes it, sees the Blessed Vision of the Lord's Darshan.
ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ। ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ (ਮਨੁੱਖ) ਨੇ।
ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥
Beholding His Darshan, the unattached one meets the Lord; subduing the mind's desires, he merges into the Lord. ||16||
ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥ ਦੇਖਿ = ਵੇਖ ਕੇ। ਬੈਰਾਗੀ = ਪ੍ਰੇਮੀ ਜੀਵ। ਮਨਸਾ = ਮਨ ਦਾ ਮਾਇਕ ਫੁਰਨਾ {मनीषा = ਇੱਛਾ, ਖ਼ਾਹਿਸ਼} ॥੧੬॥
ਸਤਿਗੁਰੁ ਸੇਵਹਿ ਸੇ ਪਰਧਾਨਾ ॥
Those who serve the True Guru are supreme and famous.
ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ, ਸੇ = ਉਹ ਬੰਦੇ। ਪਰਧਾਨਾ = ਮੰਨੇ ਪ੍ਰਮੰਨੇ ਹੋਏ।
ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥
Deep within each and every heart, they recognize God.
ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ। ਤਿਨ = ਉਹਨਾਂ ਬੰਦਿਆਂ ਨੇ।
ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥
Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥ ਨਾਨਕ = ਨਾਨਕ ਨੂੰ ॥੧੭॥੫॥੧੧॥