ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥
I have heard that God is the Savior of all.
ਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ, ਸੁਨੀਅਤ = ਸੁਣੀਦਾ ਹੈ। ਪ੍ਰਭ = ਹੇ ਪ੍ਰਭੂ! ਤਉ = ਤੇਰੀ (ਬਾਬਤ)। ਸਗਲ = ਸਾਰੇ ਜੀਵਾਂ ਨੂੰ। ਉਧਾਰਨ = (ਵਿਕਾਰਾਂ ਤੋਂ) ਬਚਾਣ ਵਾਲਾ।
ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥੧॥ ਰਹਾਉ ॥
Intoxicated by attachment, in the company of sinners, the mortal has forgotten such a Lord from his mind. ||1||Pause||
(ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ॥੧॥ ਰਹਾਉ ॥ ਮਗਨ = ਡੁੱਬੇ ਹੋਏ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਸੰਗਿ ਪ੍ਰਾਨੀ = ਪ੍ਰਾਣੀਆਂ ਨਾਲ। ਐਸੇ = ਇਉਂ, ਬੇ-ਪਰਵਾਹੀ ਨਾਲ। ਮਨਹਿ = ਮਨ ਤੋਂ ॥੧॥ ਰਹਾਉ ॥
ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥
He has collected poison, and grasped it firmly. But he has cast out the Ambrosial Nectar from his mind.
ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ। ਸੰਚਿ = ਇਕੱਠੀ ਕਰ ਕੇ। ਬਿਖਿਆ = ਮਾਇਆ। ਗ੍ਰਾਹਜੁ = {ग्राह्य} ਗ੍ਰਹਿਣ ਕਰਨ-ਯੋਗ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ। ਡਾਰਨ = ਸੁੱਟ ਦਿੱਤਾ।
ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥
He is imbued with sexual desire, anger, greed and slander; he has abandoned truth and contentment. ||1||
ਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ) ॥੧॥ ਰਤੁ = ਰੱਤਾ ਹੋਇਆ, ਮਸਤ। ਸਤੁ = ਦਾਨ। ਬਿਦਾਰਨ = ਚੀਰ ਪਾੜ ਦਿੱਤਾ, ਲੀਰ ਲੀਰ ਕਰ ਦਿੱਤਾ ॥੧॥
ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮੑ ਸਾਰਨ ॥
Lift me up, and pull me out of these, O my Lord and Master. I have entered Your Sanctuary.
ਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ। ਇਨ ਤੇ = ਇਹਨਾਂ ਤੋਂ। ਸੁਆਮੀ = ਹੇ ਨਾਨਕ! ਹਾਰਿ = ਹਾਰ ਕੇ, ਥੱਕ ਕੇ। ਸਾਰਨ = ਸਰਨ।
ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥੨॥੩॥੮੩॥
Nanak prays to God: I am a poor beggar; carry me across, in the Saadh Sangat, the Company of the Holy. ||2||3||83||
ਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ ॥੨॥੩॥੮੩॥ ਪਹਿ = ਪਾਸ। ਸੰਗਿ = ਸੰਗਤਿ ਵਿਚ। ਰੰਕ = ਕੰਗਾਲ, ਆਤਕਮ ਜੀਵਨ ਤੋਂ ਸੱਖਣੇ ॥੨॥੩॥੮੩॥