ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
Chanting His Name, one's mouth becomes pure.
(ਉਹ ਹਰਿ-ਨਾਮ ਉਚਾਰਿਆ ਕਰ) ਜਿਸ ਨੂੰ ਉਚਾਰਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ, ਜਿਸ ਬੋਲਤੁ = ਜਿਸ ਹਰਿ-ਨਾਮ ਨੂੰ ਉਚਾਰਦਿਆਂ। ਹੋਇ = ਹੋ ਜਾਂਦਾ ਹੈ {ਇਕ-ਵਚਨ}।
ਜਿਸੁ ਸਿਮਰਤ ਨਿਰਮਲ ਹੈ ਸੋਇ ॥
Meditating in remembrance on Him, one's reputation becomes stainless.
ਜਿਸ ਨੂੰ ਸਿਮਰਦਿਆਂ (ਲੋਕ ਪਰਲੋਕ ਵਿਚ) ਬੇ-ਦਾਗ਼ ਸੋਭਾ ਮਿਲਦੀ ਹੈ, ਨਿਰਮਲ ਸੋਇ = ਬੇ-ਦਾਗ਼ ਸੋਭਾ।
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
Worshipping Him in adoration, one is not tortured by the Messenger of Death.
ਜਿਸ ਨੂੰ ਅਰਾਧਦਿਆਂ ਜਮ-ਰਾਜ ਕੁਝ ਨਹੀਂ ਆਖਦਾ (ਡਰਾ ਨਹੀਂ ਸਕਦਾ),
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
Serving Him, everything is obtained. ||1||
ਜਿਸ ਦੀ ਸੇਵਾ-ਭਗਤੀ ਨਾਲ (ਮਨੁੱਖ) ਹਰੇਕ (ਲੋੜੀਂਦੀ) ਚੀਜ਼ ਹਾਸਲ ਕਰ ਲੈਂਦਾ ਹੈ ॥੧॥ ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼। ਲਹੈ = (ਮਨੁੱਖ) ਪ੍ਰਾਪਤ ਕਰ ਲੈਂਦਾ ਹੈ ॥੧॥
ਰਾਮ ਰਾਮ ਬੋਲਿ ਰਾਮ ਰਾਮ ॥
The Lord's Name - chant the Lord's Name.
ਸਦਾ (ਉਸ) ਪਰਮਾਤਮਾ ਦਾ ਨਾਮ ਉਚਾਰਿਆ ਕਰ, ਹਰਿ-ਨਾਮ ਉਚਾਰਿਆ ਕਰ। ਬੋਲਿ = ਉਚਾਰਿਆ ਕਰ, ਸਿਮਰਿਆ ਕਰ।
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
Abandon all the desires of your mind. ||1||Pause||
ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾਂ ਛੱਡ ਦੇਹ ॥੧॥ ਰਹਾਉ ॥ ਕੇ = ਦੇ। ਕਾਮ = ਵਾਸਨਾ ॥੧॥ ਰਹਾਉ ॥
ਜਿਸ ਕੇ ਧਾਰੇ ਧਰਣਿ ਅਕਾਸੁ ॥
He is the Support of the earth and the sky.
(ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ) ਧਰਤੀ ਤੇ ਆਕਾਸ਼ ਜਿਸ ਦੇ ਟਿਕਾਏ ਹੋਏ ਹਨ, ਜਿਸ ਕੇ = {ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਧਾਰੇ = ਟਿਕਾਏ ਹੋਏ। ਧਰਣਿ = ਧਰਤੀ।
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
His Light illuminates each and every heart.
ਜਿਸ ਦਾ ਨੂਰ ਹਰੇਕ ਸਰੀਰ ਵਿਚ ਹੈ, ਘਟਿ ਘਟਿ = ਹਰੇਕ ਸਰੀਰ ਵਿਚ। ਪ੍ਰਗਾਸੁ = ਨੂਰ, ਚਾਨਣ।
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
Meditating in remembrance on Him, even fallen sinners are sanctified;
ਜਿਸ ਨੂੰ ਸਿਮਰਦਿਆਂ ਵਿਕਾਰੀ ਮਨੁੱਖ (ਭੀ) ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਤਿਤ = ਵਿਕਾਰੀ, ਵਿਕਾਰਾਂ ਵਿਚ ਡਿੱਗਾ ਹੋਇਆ।
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
in the end, they will not weep and wail over and over again. ||2||
(ਤੇ, ਜਿਸ ਦੀ ਬਰਕਤਿ ਨਾਲ) ਅੰਤ ਸਮੇ (ਮਨੁੱਖ) ਮੁੜ ਮੁੜ ਦੁਖੀ ਨਹੀਂ ਹੁੰਦਾ ॥੨॥ ਅੰਤ ਕਾਲਿ = ਅਖ਼ੀਰ ਦੇ ਵੇਲੇ। ਕਾਲਿ = ਸਮੇ ਵਿਚ। ਨ ਰੋਇ = ਨਹੀਂ ਰੋਂਦਾ ॥੨॥
ਸਗਲ ਧਰਮ ਮਹਿ ਊਤਮ ਧਰਮ ॥
Among all religions, this is the ultimate religion.
(ਪਰਮਾਤਮਾ ਦਾ ਨਾਮ ਸਿਮਰਿਆ ਕਰ) ਸਾਰੇ ਧਰਮਾਂ ਵਿਚੋਂ (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ, ਊਤਮ = ਸ੍ਰੇਸ਼ਟ।
ਕਰਮ ਕਰਤੂਤਿ ਕੈ ਊਪਰਿ ਕਰਮ ॥
Among all rituals and codes of conduct, this is above all.
ਇਹੀ ਕਰਮ ਹੋਰ ਸਾਰੇ ਧਾਰਮਿਕ ਕਰਮਾਂ ਨਾਲੋਂ ਉੱਤਮ ਹੈ। ਕੈ ਉਪਰਿ = ਦੇ ਉੱਤੇ, ਤੋਂ ਵਧੀਆ।
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
The angels, mortals and divine beings long for Him.
(ਉਸ ਪਰਮਾਤਮਾ ਨੂੰ ਯਾਦ ਕਰਿਆ ਕਰ) ਜਿਸ ਨੂੰ (ਮਿਲਣ ਲਈ) ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭੀ ਲੋਚਦੇ ਹਨ। ਚਾਹਹਿ = ਤਾਂਘਦੇ ਹਨ {ਬਹੁ-ਵਚਨ}। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}
ਸੰਤ ਸਭਾ ਕੀ ਲਗਹੁ ਸੇਵ ॥੩॥
To find Him, commit yourself to the service of the Society of the Saints. ||3||
ਸਾਧ ਸੰਗਤ ਦੀ ਸੇਵਾ ਕਰਿਆ ਕਰ (ਸਾਧ ਸੰਗਤ ਵਿਚੋਂ ਹੀ ਨਾਮ-ਸਿਮਰਨ ਦੀ ਦਾਤ ਮਿਲਦੀ ਹੈ) ॥੩॥
ਆਦਿ ਪੁਰਖਿ ਜਿਸੁ ਕੀਆ ਦਾਨੁ ॥
One whom the Primal Lord God blesses with His bounties,
ਸਭ ਦੇ ਮੂਲ ਅਤੇ ਸਰਬ-ਵਿਆਪਕ ਪ੍ਰਭੂ ਨੇ ਜਿਸ ਮਨੁੱਖ ਨੂੰ ਦਾਤ ਬਖ਼ਸ਼ੀ, ਆਦਿ ਪੁਰਖਿ = ਆਦਿ ਪੁਰਖ ਨੇ, ਸਭ ਦੇ ਮੂਲ ਤੇ ਸਰਬ-ਵਿਆਪਕ ਪ੍ਰਭੂ ਨੇ।
ਤਿਸ ਕਉ ਮਿਲਿਆ ਹਰਿ ਨਿਧਾਨੁ ॥
obtains the treasure of the Lord.
ਉਸ ਨੂੰ ਹਰਿ-ਨਾਮ ਦਾ ਖ਼ਜ਼ਾਨਾ ਮਿਲ ਗਿਆ। ਨਿਧਾਨੁ = ਨਾਮ-ਖ਼ਜ਼ਾਨਾ। ਤਿਸ ਕਉ,
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
His state and extent cannot be described.
ਉਸ ਦੀ ਬਾਬਤ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ ਸੰਬੰਧਕ 'ਕਉ' ਅਤੇ 'ਕੀ' ਦੇ ਕਾਰਨ}। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਵਡੱਪਣ।
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
Servant Nanak meditates on the Lord, Har, Har. ||4||9||
ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੪॥੯॥